ਸਪਾਈਸਜੈੱਟ ’ਚ 2024 ਦੌਰਾਨ ਹੋਈ ਲਗਭਗ 2,000 ਮੁਲਾਜ਼ਮਾਂ ਦੀ ਛਾਂਟੀ, ਵਿੱਤੀ ਸੁਧਾਰ ਤਹਿਤ ਲਿਆ ਫ਼ੈਸਲਾ
Tuesday, Dec 10, 2024 - 09:46 AM (IST)
![ਸਪਾਈਸਜੈੱਟ ’ਚ 2024 ਦੌਰਾਨ ਹੋਈ ਲਗਭਗ 2,000 ਮੁਲਾਜ਼ਮਾਂ ਦੀ ਛਾਂਟੀ, ਵਿੱਤੀ ਸੁਧਾਰ ਤਹਿਤ ਲਿਆ ਫ਼ੈਸਲਾ](https://static.jagbani.com/multimedia/2024_12image_09_44_05304577744444444.jpg)
ਨਵੀਂ ਦਿੱਲੀ (ਇੰਟ.) : ਭਾਰਤ ਦੀ ਪ੍ਰਮੁੱਖ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਵਿੱਤੀ ਸਾਲ 2024 ’ਚ ਲਗਭਗ 2,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਸਪਾਈਸਜੈੱਟ ਵੱਲੋਂ ਕੀਤੇ ਗਏ ਇਸ ਲੇ-ਆਫਜ਼ ਦਾ ਅਸਰ ਵੱਖ-ਵੱਖ ਵਿਭਾਗਾਂ ’ਤੇ ਪਿਆ ਹੈ ਅਤੇ ਇਹ ਫ਼ੈਸਲਾ ਕੰਪਨੀ ਦੀ ਵਿੱਤੀ ਹਾਲਤ ਨੂੰ ਸੁਧਾਰਨ ਅਤੇ ਸੰਚਾਲਨ ਦੀ ਲਾਗਤ ਨੂੰ ਘੱਟ ਕਰਨ ਦੇ ਮਕਸਦ ਨਾਲ ਲਿਆ ਗਿਆ। ਹਾਲ ਹੀ ’ਚ ਸਪਾਈਸਜੈੱਟ ਨੇ ਆਪਣੇ ਵਿੱਤੀ ਸੰਕਟ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ ਅਤੇ ਇਨ੍ਹਾਂ ਛਾਂਟੀਆਂ ਨੂੰ ਉਸੇ ਦੇ ਹਿੱਸੇ ਵਜੋਂ ਵੇਖਿਆ ਜਾ ਰਿਹਾ ਹੈ।
ਸਪਾਈਸਜੈੱਟ ਨੇ 2024 ’ਚ 716 ਪੁਰਸ਼ ਕਰਮਚਾਰੀਆਂ ਅਤੇ 618 ਮਹਿਲਾ ਕਰਮਚਾਰੀਆਂ ਦੇ ਨਾਲ-ਨਾਲ 531 ਅਸਥਾਈ ਪੁਰਸ਼ ਕਰਮਚਾਰੀਆਂ ਅਤੇ 30 ਮਹਿਲਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ। ਹਾਲਾਂਕਿ, ਛਾਂਟੀ ਦੇ ਬਾਵਜੂਦ ਉਨ੍ਹਾਂ ਕਰਮਚਾਰੀਆਂ ਦਾ ਫ਼ੀਸਦੀ ਵਧਿਆ ਹੈ ਜੋ ਘੱਟੋ-ਘੱਟ ਤਨਖਾਹ ਤੋਂ ਜ਼ਿਆਦਾ ਕਮਾ ਰਹੇ ਹਨ। ਹੁਣ ਸਥਾਈ ਕਰਮਚਾਰੀ ਘੱਟੋ-ਘੱਟ ਤਨਖਾਹ ਤੋਂ 74 ਫ਼ੀਸਦੀ ਜ਼ਿਆਦਾ ਕਮਾ ਰਹੇ ਹਨ, ਜੋ ਪਹਿਲਾਂ 61 ਫੀਸਦੀ ਸੀ, ਜਦੋਂ ਕਿ ਔਰਤਾਂ ਦੀ ਕਮਾਈ 37 ਫ਼ੀਸਦੀ ਤੋਂ ਵਧ ਕੇ 56 ਫੀਸਦੀ ਹੋ ਗਈ ਹੈ।
ਉਥੇ ਹੀ ਅਸਥਾਈ ਕਰਮਚਾਰੀਆਂ ’ਚ ਪੁਰਸ਼ਾਂ ਲਈ ਘੱਟੋ-ਘੱਟ ਤਨਖਾਹ ਤੋਂ ਜ਼ਿਆਦਾ ਕਮਾਈ ਕਰਨ ਵਾਲਿਆਂ ਦੀ ਗਿਣਤੀ 1 ਤੋਂ ਵਧ ਕੇ 8 ਫੀਸਦੀ ਅਤੇ ਔਰਤਾਂ ਲਈ ਇਹ 2 ਤੋਂ ਵਧ ਕੇ 16 ਫੀਸਦੀ ਹੋ ਗਿਆ ਹੈ। ਹਾਲਾਂਕਿ, ਲਿੰਗ ਆਧਾਰਿਤ ਤਨਖਾਹ ਅੰਤਰ ਅਜੇ ਵੀ ਕਾਇਮ ਹੈ, ਜਿਸ ’ਚ ਪੁਰਸ਼ ਕਰਮਚਾਰੀਆਂ ਦੀ ਕਮਾਈ ਮਹਿਲਾ ਕਰਮਚਾਰੀਆਂ ਨਾਲੋਂ ਵੱਧ ਹੈ।
ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼ ਦੇ ਡਿਪਟੀ CM ਪਵਨ ਕਲਿਆਣ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਸ ਨੇ ਸ਼ੁਰੂ ਕੀਤੀ ਜਾਂਚ
ਵਿੱਤੀ ਪ੍ਰਦਰਸ਼ਨ ਲਾਗਤ ਪ੍ਰਬੰਧਨ
ਸਪਾਈਸਜੈੱਟ ਨੇ ਸਾਲ 2024 ’ਚ ਕਰਮਚਾਰੀਆਂ ਦੀ ਤਨਖਾਹ ਅਤੇ ਲਾਭ/ਖ਼ਰਚੇ ’ਚ 9 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ, ਜੋ ਸਾਲ 23 ’ਚ 8,438.71 ਮਿਲੀਅਨ ਰੁਪਏ ਤੋਂ ਘਟ ਕੇ ਸਾਲ 2024 ’ਚ 7,705.44 ਮਿਲੀਅਨ ਰੁਪਏ ਹੋ ਗਈ। ਇਹ ਗਿਰਾਵਟ ਮੁੱਖ ਤੌਰ ’ਤੇ ਕਰਮਚਾਰੀਆਂ ਦੀ ਗਿਣਤੀ ’ਚ ਕਮੀ ਕਾਰਨ ਹੋਈ। ਸਪਾਈਸਜੈੱਟ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਸਾਲ 2024 ’ਚ 54 ਮਿਲੀਅਨ ਰੁਪਏ ਪ੍ਰਾਪਤ ਕੀਤੇ, ਜੋ ਕਰਮਚਾਰੀਆਂ ਦੇ ਔਸਤ ਤਨਖਾਹ ਤੋਂ 211 ਗੁਣਾ ਜ਼ਿਆਦਾ ਹੈ, ਜਦੋਂ ਕਿ 72 ਮਿਲੀਅਨ ਰੁਪਏ ’ਚੋਂ 18 ਮਿਲੀਅਨ ਰੁਪਏ ਨੂੰ ਵੱਖ ਰੱਖਿਆ ਗਿਆ ਹੈ।
ਕੰਪਨੀ ਦੀ ਕੁੱਲ ਕਮਾਈ ’ਚ 14 ਫ਼ੀਸਦੀ ਦੀ ਗਿਰਾਵਟ
ਕੰਪਨੀ ਦੀ ਕੁੱਲ ਕਮਾਈ ’ਚ 14 ਫ਼ੀਸਦੀ ਦੀ ਗਿਰਾਵਟ ਆਈ, ਜੋ 84,969.69 ਮਿਲੀਅਨ ਰੁਪਏ ਤੋਂ ਘੱਟ ਕੇ 70,499.74 ਮਿਲੀਅਨ ਰੁਪਏ ਹੋ ਗਈ, ਜਿਸ ਦਾ ਕਾਰਨ ਬੇੜੇ ਦੀ ਘੱਟ ਵਰਤੋਂ ਸੀ। ਹਾਲਾਂਕਿ, ਹੋਰ ਕਮਾਈ ’ਚ 38 ਫ਼ੀਸਦੀ ਦਾ ਵਾਧਾ ਹੋਇਆ, ਜੋ 14,469.45 ਮਿਲੀਅਨ ਰੁਪਏ ਰਿਹਾ। ਇਹ ਜਾਇਦਾਦ ਦੇ ਮੁਦਰੀਕਰਨ ਕਾਰਨ ਹੋਇਆ। ਜਹਾਜ਼ ਈਂਧਣ ਖਰਚੇ ’ਚ 37 ਫ਼ੀਸਦੀ ਦੀ ਗਿਰਾਵਟ ਆਈ, ਜੋ 29,825.62 ਮਿਲੀਅਨ ਰੁਪਏ ਹੋ ਗਈ, ਜਦੋਂਕਿ ਕਰਮਚਾਰੀ ਖਰਚੇ 9 ਫ਼ੀਸਦੀ ਘਟੇ। ਵੇਟ-ਲੀਜ਼ਿੰਗ ਕਾਰਨ ਲੀਜ਼-ਰੈਂਟਲ ਖਰਚਿਆਂ ’ਚ 70 ਫ਼ੀਸਦੀ ਦਾ ਵਾਧਾ ਹੋਇਆ, ਜੋ 6,381.98 ਮਿਲੀਅਨ ਰੁਪਏ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8