100 ਮੀਟਰ ਤੱਕ ਘਸੀਟਦਾ ਲੈ ਗਿਆ ਟੈਂਕਰ! ਸਕੂਲ ਤੋਂ ਪਰਤ ਰਹੀ ਅਧਿਆਪਕਾ ਦੀ ਸੜਕ ਹਾਦਸੇ ''ਚ ਮੌਤ
Wednesday, Dec 24, 2025 - 03:18 PM (IST)
ਝਾਂਸੀ: ਝਾਂਸੀ ਜ਼ਿਲ੍ਹੇ 'ਚ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਸਕੂਲ ਤੋਂ ਡਿਊਟੀ ਖ਼ਤਮ ਕਰਕੇ ਘਰ ਪਰਤ ਰਹੀ ਇੱਕ ਸਰਕਾਰੀ ਮਹਿਲਾ ਅਧਿਆਪਕਾ ਨਿਧੀ ਗੁਪਤਾ ਭਿਆਨਕ ਹਾਦਸੇ ਦੀ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ, ਇੱਕ ਤੇਜ਼ ਰਫ਼ਤਾਰ ਤੇਲ ਟੈਂਕਰ ਨੇ ਉਸ ਦੀ ਸਕੂਟੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਅਧਿਆਪਕਾ ਸੜਕ 'ਤੇ ਡਿੱਗ ਗਈ ਅਤੇ ਟੈਂਕਰ ਦਾ ਪਹੀਆ ਉਸ ਦੇ ਉੱਪਰੋਂ ਲੰਘ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਨਿਧੀ ਨੇ ਹੈਲਮੇਟ ਪਾਇਆ ਹੋਇਆ ਸੀ, ਪਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦਾ ਹੈਲਮੇਟ ਵੀ ਚਕਨਾਚੂਰ ਹੋ ਗਿਆ।
100 ਮੀਟਰ ਤੱਕ ਘਸੀਟਦਾ ਲੈ ਗਿਆ ਟੈਂਕਰ
ਚਸ਼ਮਦੀਦਾਂ ਦੇ ਮੁਤਾਬਕ ਹਾਦਸੇ ਤੋਂ ਬਾਅਦ ਵੀ ਟੈਂਕਰ ਚਾਲਕ ਰੁਕਿਆ ਨਹੀਂ ਤੇ ਉਸ ਨੇ ਵਾਹਨ ਨੂੰ ਅੱਗੇ ਵਧਾਉਂਦੇ ਹੋਏ ਨਿਧੀ ਗੁਪਤਾ ਨੂੰ ਸਕੂਟੀ ਸਮੇਤ ਕਰੀਬ 100 ਮੀਟਰ ਤੱਕ ਸੜਕ 'ਤੇ ਘਸੀਟਿਆ। ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।
ਪਰਿਵਾਰ 'ਚ ਮਚਿਆ ਕੋਹਰਾਮ
ਮ੍ਰਿਤਕਾ ਨਿਧੀ ਗੁਪਤਾ ਝਾਂਸੀ ਦੇ ਕੋਤਵਾਲੀ ਥਾਣਾ ਖੇਤਰ ਦੇ ਮਾਸਟਰ ਕਾਲੋਨੀ ਦੀ ਰਹਿਣ ਵਾਲੀ ਸੀ ਅਤੇ ਉਹ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਦੇ ਸਰਕਾਰੀ ਇੰਟਰ ਕਾਲਜ ਵਿੱਚ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਸੀ। ਉਸ ਦੇ ਪਤੀ ਆਨੰਦ ਗੁਪਤਾ ਝਾਂਸੀ ਟੈਕਸ ਬਾਰ ਦੇ ਮਸ਼ਹੂਰ ਵਕੀਲ ਹਨ। ਪਤਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਆਨੰਦ ਗੁਪਤਾ ਬੇਹੋਸ਼ੀ ਦੀ ਹਾਲਤ 'ਚ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਇਹ ਹਾਦਸਾ ਸੀਪਰੀ ਬਾਜ਼ਾਰ ਥਾਣਾ ਖੇਤਰ ਦੇ ਰਾਧਿਕਾ ਆਰਕਿਡ ਨੇੜੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਅਣਪਛਾਤੇ ਟੈਂਕਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਟੈਂਕਰ ਤੇ ਉਸ ਦੇ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ।
