ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ''ਚ ਤੇਜ਼ੀ ਲਿਆਂਦੀ ਜਾਵੇ : PM ਮੋਦੀ
Saturday, Jul 30, 2022 - 12:34 PM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਆਪਾਲਿਕਾ ਤੋਂ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਜੇਲ੍ਹਾਂ 'ਚ ਬੰਦ ਅਤੇ ਕਾਨੂੰਨੀ ਮਦਦ ਦਾ ਇੰਤਜ਼ਾਰ ਕਰ ਰਹੇ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਏ। ਮੋਦੀ ਨੇ ਅਖਿਲ ਭਾਰਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਜ਼ ਦੀ ਪਹਿਲੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਰੋਬਾਰ ਕਰਨ ਦੀ ਸੌਖ ਅਤੇ ਜੀਵਨ ਦੀ ਸੌਖ ਜਿੰਨੀ ਮਹੱਤਵਪੂਰਨ ਹੈ, ਨਿਆਂ ਦੀ ਸੌਖ ਵੀ ਓਨੀ ਹੀ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਜੇਲ੍ਹਾਂ 'ਚ ਕਈ ਵਿਚਾਰ ਅਧੀਨ ਕੈਦੀ ਕਾਨੂੰਨੀ ਮਦਦ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਸਾਡੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਜ਼ ਵਿਚਾਰ ਅਧੀਨ ਕੈਦੀਆਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਲੈ ਸਕਦੇ ਹਨ।''
ਇਹ ਵੀ ਪੜ੍ਹੋ : ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ
ਪੀ.ਐੱਮ. ਮੋਦੀ ਨੇ ਸੰਮੇਲਨ 'ਚ ਹਿੱਸਾ ਲੈਣ ਵਾਲੇ ਜ਼ਿਲ੍ਹਾ ਜੱਜਾਂ ਨੂੰ ਅਪੀਲ ਕੀਤੀ ਕਿ ਉਹ ਵਿਚਾਰ ਅਦੀਨ ਮਾਮਲਿਆਂ ਦੀ ਸਮੀਖਿਆ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀਆਂ ਦੇ ਮੁਖੀਆਂ ਵਜੋਂ ਆਪਣੇ ਦਫ਼ਤਰ ਦਾ ਉਪਯੋਗ ਕਰ ਕੇ ਵਿਚਾਰ ਅਧੀਨ ਕੈਦੀਆਂ ਦੀ ਰਿਹਾਈ 'ਚ ਤੇਜ਼ੀ ਲਿਆਏ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਨੇ ਇਸ ਮਾਮਲੇ 'ਚ ਇਕ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਬਾਰ ਕਾਊਂਸਿਲ ਆਫ਼ ਇੰਡੀਆ ਤੋਂ ਇਸ ਕੋਸ਼ਿਸ਼ 'ਚ ਹੋਰ ਵੱਧ ਵਕੀਲਾਂ ਨੂੰ ਜੋੜਨ ਦੀ ਅਪੀਲ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ