ਕਸ਼ਮੀਰ ''ਚ ਹਿੰਦੂਆਂ ਦੇ ਕਤਲ ਕਾਰਨ ਘੱਟਗਿਣਤੀ ਫਿਰਕੇ ’ਚ ਹਿਜ਼ਰਤ ਕਰਨ ਦੀਆਂ ਕਿਆਸ-ਅਰਾਈਆਂ

Friday, Apr 15, 2022 - 06:17 PM (IST)

ਕਸ਼ਮੀਰ ''ਚ ਹਿੰਦੂਆਂ ਦੇ ਕਤਲ ਕਾਰਨ ਘੱਟਗਿਣਤੀ ਫਿਰਕੇ ’ਚ ਹਿਜ਼ਰਤ ਕਰਨ ਦੀਆਂ ਕਿਆਸ-ਅਰਾਈਆਂ

ਨੈਸ਼ਨਲ ਡੈਸਕ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਕਾਕਰੇਨ ਪਿੰਡ 'ਚ ਕਸ਼ਮੀਰੀ ਹਿੰਦੂ ਦੇ ਕਤਲ ਨਾਲ ਇਲਾਕੇ 'ਚ ਘੱਟ ਗਿਣਤੀ ਫਿਰਕੇ 'ਚ ਖ਼ੌਫ਼ ਦਾ ਮਾਹੌਲ ਹੈ। ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਸਤੀਸ਼ ਸਿੰਘ ਨੂੰ ਉਨ੍ਹਾਂ ਦੀ ਘਰ ਦੀ ਦਹਿਲੀਜ਼ 'ਤੇ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਦੇ ਕਤਲ ਦੇ ਬਾਅਦ ਘਰ 'ਚ ਸੈਂਕੜੇ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਸਾਰੇ ਇਹੋ ਪੁੱਛ ਰਹੇ ਹਨ ਕਿ ਆਖ਼ਰ ਸਤੀਸ਼ ਨੂੰ ਕਿਉਂ ਮਾਰਿਆ ਗਿਆ ਹੈ? ਉਸ ਦੀ ਕੀ ਕਸੂਰ ਸੀ? ਸਤੀਸ਼ ਦੇ ਗੁਆਂਢ 'ਚ ਰਹਿਣ ਵਾਲੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਗ਼ਮਗੀਨ ਹਨ ਤੇ ਉਸ ਦੀ ਪਤਨੀ ਤੇ ਧੀਆਂ ਨੂੰ ਦਿਲਾਸਾ ਦੇ ਰਹੇ ਹਨ। 

ਇਕ ਸਥਾਨਕ ਨਿਵਾਸੀ ਗੁਲ ਮੁਹੰਮਦ ਨੇ ਕਿਹਾ ਕਿ ਇੱਥੇ ਕਦੀ ਅਜਿਹਾ ਨਹੀਂ ਹੋਇਆ। 1990 ਦੇ ਡਰਾਉਣੇ ਸਮੇਂ 'ਚ ਵੀ ਇੱਥੇ ਕਿਸੇ ਬੇਕਸੂਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਪਹਿਲੀ ਵਾਰ ਪਿੰਡ 'ਚ ਇਸ ਤਰ੍ਹਾਂ ਦਾ ਕਤਲ ਹੋਇਆ ਹੈ। 32 ਸਾਲਾਂ 'ਚ ਪਹਿਲੀ ਵਾਰ ਕਸ਼ਮੀਰੀ ਪੰਡਿਤਾਂ ਵਲੋਂ 3 ਅਪ੍ਰੈਲ ਨੂੰ ਵੱਡੀ ਗਿਣਤੀ 'ਚ ਸ਼ਾਰਿਕਾ ਦੇਵੀ ਤੇ ਦੁਰਗਨਾਗ ਮੰਦਰ 'ਚ ਕਸ਼ਮੀਰੀ ਹਿੰਦੂਆਂ ਦਾ ਨਵਾ ਸਾਲ 'ਨਵਰੇਹ' ਮਨਾਇਆ ਗਿਆ ਸੀ। ਇਸ ਪ੍ਰੋਗਰਾਮ ਚ ਦੇਸ਼ ਭਰ ਤੋਂ ਪੁੱਜੇ ਕਸ਼ਮੀਰੀ ਪੰਡਿਤਾਂ ਨੇ ਇਕ ਸਾਲ ਦੇ ਅੰਦਰ ਕਸ਼ਮੀਰ 'ਚ ਪਰਤਨ ਦਾ ਐਲਾਨ ਕੀਤਾ ਸੀ। ਉਦੋਂ ਤੋਂ 11 ਦਿਨਾਂ 'ਚ 6 ਵਾਰ ਪ੍ਰਵਾਸੀਆਂ ਤੇ ਕਸ਼ਮੀਰੀ ਹਿੰਦੂਆਂ 'ਤੇ ਹਮਲੇ ਹੋ ਚੁੱਕੇ ਹਨ।

ਪ੍ਰਸ਼ਾਸਨ ਦੇ ਸਮਝਾਉਣ 'ਤੇ ਪਰਿਵਾਰ ਨੇ ਛੱਡੀ ਕਸ਼ਮੀਰ ਛੱਡਣ ਦੀ ਜ਼ਿੱਦ
ਸਤੀਸ਼ ਪੇਸ਼ੇ ਤੋ ਡਰਾਈਵਰ ਸਨ। ਉਨ੍ਹਾਂ ਦੇ ਕਤਲ ਨਾਲ ਪਰਿਵਾਰ ਦਹਿਸ਼ਤ 'ਚ ਹੈ। ਉਨ੍ਹਾਂ ਦੀ ਹੱਤਿਆ ਦੇ ਬਾਅਦ ਪਰਿਵਾਰ ਪ੍ਰਸ਼ਾਸਨ ਤੋਂ ਜੰਮੂ ਜਾਣ ਲਈ ਗੱਡੀ ਭੇਜਣ ਦੀ ਬੇਨਤੀ ਕਰਦਾ ਰਿਹਾ ਕਿ ਅਸੀਂ ਸਤੀਸ਼ ਦਾ ਅੰਤਿਮ ਸੰਸਕਾਰ ਜੰਮੂ 'ਚ ਹੀ ਕਰਾਂਗੇ। ਹਾਲਾਂਕਿ ਪ੍ਰਸ਼ਾਸਨ ਦੇ ਸੁਰੱਖਿਆ ਦੇਣ ਦੇ ਭਰੋਸੇ 'ਤੇ ਪਰਿਵਾਰ ਕਸ਼ਮੀਰ ਨਾ ਛੱਡਣ ਲਈ ਮੰਨ ਗਿਆ ਹੈ। ਪਿੰਡ 'ਚ ਰਾਜਪੂਤਾਂ ਦੇ 8 ਘਰ ਹਨ। ਇਹ ਸਾਰੇ 100 ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਸਥਾਨਕ ਨਿਵਾਸੀ ਜਗਦੀਸ਼ਨ ਸਿੰਘ ਨੇ ਕਿਹਾ ਕਿ ਅਜੇ ਤਕ ਇੱਥੇ ਡਰ ਨਹੀਂ ਸੀ, ਪਰ ਹੁਣ ਮਾਹੌਲ ਬਦਲ ਰਿਹਾ ਹੈ। ਇੱਥੋਂ ਦੇ ਲੋਕ ਸੋਚ ਰਹੇ ਹਨ ਕਿ ਕੀ ਉਹ ਹਿਜ਼ਰਤ ਕਰਨ ਜਾਂ ਦਹਿਸ਼ਤ 'ਚ ਰਹਿਣ।


author

Tarsem Singh

Content Editor

Related News