ਪੀ.ਐੱਮ. ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ

Friday, Feb 22, 2019 - 12:59 PM (IST)

ਪੀ.ਐੱਮ. ਮੋਦੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ

ਸਿਓਲ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਖਣੀ ਕੋਰੀਆ ਵਿਚ ਸਾਲ 2018 ਲਈ ਵੱਕਾਰੀ 'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। ਮੋਦੀ ਨੂੰ ਇਹ ਪੁਰਸਕਾਰ ਸਮੁੱਚੇ ਆਰਥਿਕ ਵਿਕਾਸ ਅਤੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਜ਼ਰੀਏ ਗਲੋਬਲ ਸ਼ਾਂਤੀ ਅਤੇ ਸਦਭਾਵਨਾ ਨੂੰ ਵਧਾਵਾ ਦੇਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਦਿੱਤਾ ਗਿਆ। ਇਸ ਸਮਾਗਮ ਦਾ ਆਯੋਜਨ ਸਿਓਲ ਸ਼ਾਂਤੀ ਪੁਰਸਕਾਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸੀ।ਪੀ.ਐੱਮ. ਮੋਦੀ ਨੇ ਸਨਮਾਨ ਫੰਡ ਵਿਚ ਮਿਲੇ 1.20 ਕਰੋੜ ਰੁਪਏ 'ਨਮਾਮਿ ਗੰਗੇ' ਮੁਹਿੰਮ ਨੂੰ ਦਾਨ ਕਰ ਦਿੱਤੇ ਹਨ।

ਸਨਮਾਨ ਦੇ ਬਾਅਦ ਮੋਦੀ ਨੇ ਕਿਹਾ ਕਿ ਇਹ ਮੇਰਾ ਨਹੀਂ ਸਗੋਂ ਭਾਰਤ ਦੀ ਜਨਤਾ ਦਾ ਸਨਮਾਨ ਹੈ। ਬੀਤੇ 5 ਸਾਲਾਂ ਵਿਚ ਜੋ ਸਫਲਤਾ ਮਿਲੀ ਹੈ ਉਹ 1.3 ਅਰਬ ਲੋਕਾਂ ਦੀ ਮਿਹਨਤ ਦਾ ਫਲ ਹੈ। ਮੈਂ ਖੁਦ ਨੂੰ ਸਨਮਾਨਿਤ ਮੰਨਦਾ ਹਾਂ ਕਿਉਂਕਿ ਇਹ ਸਨਮਾਨ ਮੈਨੂੰ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਿਲ ਰਿਹਾ ਹੈ। ਮੋਦੀ ਨੇ ਟਵੀਟ ਕਰ ਕੇ ਇਸ ਨੂੰ ਭਾਰਤ ਦੀ ਜਨਤਾ ਦਾ ਸਨਮਾਨ ਦੱਸਿਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਦੌਰਾਨ ਅੱਤਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸਿਓਲ ਓਲੰਪਿਕ 1988 ਵਿਚ ਹੋਣ ਵਾਲੇ ਸਨ ਉਸ ਦੇ ਕੁਝ ਸਮਾਂ ਪਹਿਲਾਂ ਹੀ ਅੱਤਵਾਦੀ ਸੰਗਠਨ ਅਲ-ਕਾਇਦਾ ਦੀ ਸਥਾਪਨਾ ਹੋਈ ਸੀ। ਅੱਜ ਇਹ ਅੱਤਵਾਦ ਦੁਨੀਆ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਬਣ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਸਾਰੇ ਹੱਥ ਮਿਲਾਉਣ ਅਤੇ ਅੱਤਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰਨ।

 

ਇਸ ਦੌਰਾਨ ਪੁਲਵਾਮਾ ਹਮਲੇ ਵਿਰੁੱਧ ਭਾਰਤ ਨੂੰ ਦੱਖਣੀ ਕੋਰੀਆ ਦਾ ਸਮਰਥਨ ਮਿਲਿਆ। ਇਸ 'ਤੇ ਮੋਦੀ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਮੂਨ ਜੇਈ-ਇਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਪੁਲਵਾਮਾ ਹਮਲੇ ਦੀ ਨਿੰਦਾ ਕਰਦਿਆਂ ਅੱਤਵਾਦ ਵਿਰੁੱਧ ਸਾਡਾ ਸਾਥ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਕਾਰ ਸਮਝੌਤਿਆਂ ਨਾਲ ਅੱਤਵਾਦ ਵਿਰੋਧੀ ਕੋਸ਼ਿਸ਼ਾਂ ਤੇਜ਼ ਹੋਣਗੀਆਂ।

 

ਉੱਥੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ ਸਹੀਦ ਸਮਾਰਕ ਪਹੁੰਚੇ, ਜਿੱਥੇ ਉਨ੍ਹਾਂ ਨੇ ਕੋਰੀਆਈ ਯੁੱਧ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਮੋਦੀ ਨੇ ਰਾਸ਼ਟਰੀ ਸ਼ਹੀਦ ਸਮਾਰਕ 'ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

 

ਸਾਲ 1965 ਵਿਚ ਬਣੇ ਇਸ ਸ਼ਹੀਦ ਸਮਾਰਕ ਵਿਚ ਕੋਰੀਆ ਦੀ ਆਜ਼ਾਦੀ ਦੇ ਇਲਾਵਾ ਵੀਅਤਨਾਮ ਯੁੱਧ ਅਤੇ ਕੋਰੀਆਈ ਯੁੱਧ ਵਿਚ ਸ਼ਹੀਦ ਹੋਏ ਫੌਜੀਆਂ ਦੀਆਂ ਸਮਾਧੀਆਂ ਹਨ। 


author

Vandana

Content Editor

Related News