ਦਿਨ-ਦਿਹਾੜੇ ਦੋ ਨੌਜਵਾਨਾਂ ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਬਦਮਾਸ਼, CCTV ’ਚ ਕੈਦ ਵਾਰਦਾਤ

Monday, May 02, 2022 - 04:45 PM (IST)

ਦਿਨ-ਦਿਹਾੜੇ ਦੋ ਨੌਜਵਾਨਾਂ ਤੋਂ 20 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਬਦਮਾਸ਼, CCTV ’ਚ ਕੈਦ ਵਾਰਦਾਤ

ਸੋਨੀਪਤ (ਸੰਨੀ)– ਹਰਿਆਣਾ ’ਚ ਬੀਤੇ ਕਈ ਦਿਨਾਂ ਤੋਂ ਬੈਂਕਾਂ ’ਚ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹਰਿਆਣਾ ਪੁਲਸ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ। ਸੋਨੀਪਤ ਦੇ ਸਾਈਂ ਬਾਬਾ ਮੰਦਰ ਰੋਡ ’ਤੇ ਅੱਜ ਯਾਨੀ ਕਿ ਸੋਮਵਾਰ ਨੂੰ ਦਿਨ-ਦਿਹਾੜੇ ਸੜਕ ਕੰਢੇ ਤਿੰਨ ਨੌਜਵਾਨਾਂ ਨੇ ਪਹਿਲਾਂ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਫਿਰ ਉਨ੍ਹਾਂ ’ਤੇ ਡੰਡੇ ਵਰ੍ਹਾਉਂਦੇ ਹੋਏ ਬੈਗ ’ਚ ਰੱਖੇ 20 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।

ਦੱਸ ਦੇਈਏ ਕਿ ਸੋਨੀਪਤ ਦੇ ਕਈ ਬੈਂਕਾਂ ਦੇ ਏ. ਟੀ. ਐੱਮ. ’ਚ ਪੈਸੇ ਪਾਉਣ ਦਾ ਕੰਮ ‘ਪ੍ਰਿੰਸ ਪ੍ਰਾਈਵੇਟ ਲਿਮਟਿਡ’ ਨੂੰ ਮਿਲਿਆ ਹੋਇਆ ਹੈ, ਜਿਸ ਦੇ ਦੋ ਕਰਮੀ ਜੋ ਕਿ ਪਿੰਡ ਮੁਕੀਮਪੁਰ, ਸੋਨੀਪਤ ਦੇ ਰਹਿਣ ਵਾਲੇ ਹਨ। ਉਹ ਬਾਈਕ ’ਤੇ ਸਵਾਰ ਹੋ ਕੇ ਸੈਕਟਰ-12 ਵੱਲ ਆ ਰਹੇ ਸਨ ਪਰ ਜਿਵੇਂ ਹੀ ਉਹ ਸਾਈਂ ਬਾਬਾ ਮੰਦਰ ਰੋਡ ’ਤੇ ਪਹੁੰਚੇ ਤਾਂ ਪਹਿਲਾਂ ਤੋਂ ਹੀ ਸੜਕ ’ਤੇ ਇਕ ਨੌਜਵਾਨ ਘਾਤ ਲਾ ਕੇ ਬੈਠਾ ਸੀ। ਉਸ ਨੇ ਚੱਲਦੀ ਬਾਈਕ ਨੂੰ ਰੋਕਿਆ ਅਤੇ ਬਾਈਕ ਦੀ ਚਾਬੀ ਕੱਢ ਲਈ ਅਤੇ ਫਿਰ ਦੋ ਹੋਰ ਨੌਜਵਾਨ ਉੱਥੇ ਪਹੁੰਚੇ। ਉਨ੍ਹਾਂ ਨੇ ਦੋਹਾਂ ਕਰਮੀਆਂ ’ਤੇ ਤਾਬੜਤੋੜ ਡੰਡੇ ਵਰ੍ਹਾਏ ਅਤੇ ਬੈਗ ’ਚ ਰੱਖੇ 20 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਸੋਨੀਪਤ ਦੇ ਕਈ ਥਾਣਿਆਂ ਦੀ ਪੁਲਸ ਅਤੇ ਕ੍ਰਾਈਮ ਬਰਾਂਚ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ’ਚ ਜੁੱਟ ਗਈਆਂ।

ਓਧਰ ਆਈ. ਪੀ. ਐੱਸ. ਮਯੰਕ ਗੁਪਤਾ ਨੇ ਦੱਸਿਆ ਕਿ ਏ. ਟੀ. ਐੱਮ. ’ਚ ਨਕਦੀ ਪਾਉਣ ਵਾਲੇ ਕਰਮੀਆਂ ਨਾਲ ਲੁੱਟ-ਖੋਹ ਦੀ ਵਾਰਦਾਤ  ਸਾਹਮਣੇ ਆਈ ਹੈ। ਬਦਮਾਸ਼ਾਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News