ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ, ਡਾਕਟਰਾਂ ਦੀ ਨਿਗਰਾਨੀ ਹੇਠ: ਹਸਪਤਾਲ
Monday, Jun 16, 2025 - 02:57 PM (IST)

ਨਵੀਂ ਦਿੱਲੀ- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ, ਜਿਨ੍ਹਾਂ ਨੂੰ ਢਿੱਡ ਸਬੰਧੀ ਸਮੱਸਿਆ ਦੇ ਚੱਲਦੇ ਐਤਵਾਰ ਸ਼ਾਮ ਨੂੰ ਸਰ ਗੰਗਾਰਾਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਕਾਂਗਰਸ ਦੀ ਸਾਬਕਾ ਪ੍ਰਧਾਨ 78 ਸਾਲਾ ਸੋਨੀਆ ਗਾਂਧੀ ਨੂੰ ਐਤਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਬਿਆਨ ਮੁਤਾਬਕ ਸਰ ਗੰਗਾਰਾਮ ਹਸਪਤਾਲ ਦੇ ਮੁਖੀ ਡਾ. ਅਜੇ ਸਵਰੂਪ ਨੇ ਕਿਹਾ ਕਿ ਉਨ੍ਹਾਂ ਨੂੰ ਢਿੱਡ ਨਾਲ ਸਬੰਧਤ ਸਮੱਸਿਆਵਾਂ ਲਈ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ਤਹਿਤ ਕੱਲ (ਐਤਵਾਰ) ਰਾਤ 9 ਵਜੇ ਸਰ ਗੰਗਾਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਵੇਲੇ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦਾ 9 ਜੂਨ ਨੂੰ ਉਸੇ ਹਸਪਤਾਲ ਵਿਚ ਡਾਕਟਰੀ ਜਾਂਚ ਕਰਵਾਈ ਗਈ ਸੀ। ਡਾਕਟਰੀ ਜਾਂਚ ਤੋਂ ਦੋ ਦਿਨ ਪਹਿਲਾਂ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (IGMC) ਵਿਚ ਕੁਝ ਟੈਸਟ ਕੀਤੇ ਗਏ ਸਨ, ਜਦੋਂ ਉਨ੍ਹਾਂ ਨੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਕੀਤੀ ਸੀ।