ਸੋਨੀਆ ਗਾਂਧੀ ਦਾ ਖਤਮ ਹੋ ਰਿਹੈ ਕਾਰਜਕਾਲ, 10 ਅਗਸਤ ਤੱਕ ਚੁਣਨਾ ਹੋਵੇਗਾ ਨਵਾਂ ਪ੍ਰਧਾਨ
Thursday, Jul 16, 2020 - 12:54 AM (IST)
ਨਵੀਂ ਦਿੱਲੀ - ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਦੇ ਤੌਰ 'ਤੇ ਸੋਨੀਆ ਗਾਂਧੀ ਦਾ ਇੱਕ ਸਾਲ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਇਸ ਨੂੰ ਵਧਾਉਣ ਲਈ ਜਲਦ ਹੀ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਕਰਣੀ ਹੋਵੇਗੀ। ਪਾਰਟੀ ਨੂੰ ਆਪਣਾ ਫ਼ੈਸਲਾ ਚੋਣ ਕਮਿਸ਼ਨ ਨੂੰ 10 ਅਗਸਤ ਤੱਕ ਸੂਚਿਤ ਕਰਣਾ ਹੋਵੇਗਾ।
ਹਾਲ ਹੀ 'ਚ ਕਾਂਗਰਸ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ 25 ਮਾਰਚ ਤੋਂ ਲਾਗੂ ਲਾਕਡਾਊਨ ਕਾਰਨ ਨਵੇਂ ਪ੍ਰਧਾਨ ਦੇ ਚੋਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾ ਸਕੀ ਹੈ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 10 ਅਗਸਤ ਤੱਕ ਪ੍ਰਧਾਨ ਨਹੀਂ ਚੁਣੇ ਜਾਣ 'ਤੇ ਕਮਿਸ਼ਨ ਇਸ ਮਾਮਲੇ 'ਚ ਦਖਲ ਦੇਵੇਗਾ।
ਚੋਣ ਕਮਿਸ਼ਨ ਨੇ ਕਾਂਗਰਸ ਨੂੰ ਨੋਟਿਸ ਭੇਜ ਕੇ ਰਾਸ਼ਟਰੀ ਪ੍ਰਧਾਨ ਦੇ ਚੋਣ ਨੂੰ ਲੈ ਕੇ ਜਾਣਕਾਰੀ ਮੰਗੀ ਹੈ। ਪਿਛਲੇ ਸਾਲ 10 ਅਗਸਤ ਨੂੰ ਹੀ ਸੋਨੀਆ ਗਾਂਧੀ ਨੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਦਾਰੀ ਸੰਭਾਲੀ ਸੀ। ਉਸ ਸਮੇਂ ਇੱਕ ਸਾਲ ਦੇ ਅੰਦਰ ਸਥਾਈ ਪ੍ਰਧਾਨ ਚੁਣ ਲਏ ਜਾਣ ਦੀ ਗੱਲ ਕਮਿਸ਼ਨ ਨੂੰ ਦੱਸੀ ਗਈ ਸੀ। ਕਮਿਸ਼ਨ ਨੇ ਉਸੇ ਸਿਲਸਿਲੇ 'ਚ ਕਾਂਗਰਸ ਵਲੋਂ ਤਕਾਜਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਲੋਕਸਭਾ ਚੋਣ 'ਚ ਕਾਂਗਰਸ ਨੂੰ ਸਿਰਫ਼ 52 ਸੀਟਾਂ ਮਿਲੀਆਂ ਸਨ। ਇਸ ਤੋਂ ਬਾਅਦ ਹਾਰ ਦੀ ਜ਼ਿੰਮੇਦਾਰੀ ਲੈਂਦੇ ਹੋਏ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਉਹ ਪ੍ਰਧਾਨ ਦੇ ਰੂਪ 'ਚ ਕੰਮ ਨਹੀਂ ਕਰਣਾ ਚਾਹੁੰਦੇ ਪਰ ਪਾਰਟੀ ਲਈ ਕੰਮ ਕਰਦੇ ਰਹਿਣਗੇ।