ਸੋਨੀਆ ਗਾਂਧੀ ਦੀ ਹਾਲਤ ਸਥਿਰ, ਠੀਕ ਹੋ ਰਹੀ ਹੈ: ਹਸਪਤਾਲ ਸੂਤਰ
Saturday, Jun 18, 2022 - 04:46 PM (IST)
ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੀ ਹੈ। ਦਿੱਲੀ ਸਥਿਤ ਸਰ ਗੰਗਾਰਾਮ ਹਸਪਤਾਲ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 75 ਸਾਲਾ ਸੋਨੀਆ ਗਾਂਧੀ 2 ਜੂਨ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਈ ਸੀ। ਉਨ੍ਹਾਂ ਨੂੰ ਕੋਰੋਨਾ ਦਿੱਕਤਾਂ ਕਾਰਨ 12 ਜੂਨ ਨੂੰ ਸਰ ਗੰਗਾਰਾਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਕਾਂਗਰਸ ਮੁਤਾਬਕ ਹਸਪਤਾਲ ’ਚ ਦਾਖ਼ਲ ਕਰਵਾਏ ਜਾਣ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਦੀ ਸਾਹ ਨਲੀ ’ਚ ਇਨਫੈਕਸ਼ਨ ਹੈ।
ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੀ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਾਹ ਨਲੀ ’ਚ ਫੰਗਲ ਇਨਫੈਕਸ਼ਨ ਦਾ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਾਗ ਅਤੇ ਕੋਰੋਨਾ ਵਾਇਰਸ ਤੋਂ ਬਾਅਦ ਦਿੱਕਤਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ’ਚ ਹਨ।
ਓਧਰ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਸੋਨੀਆ ਗਾਂਧੀ ਨੂੰ ਨਵੇਂ ਸਿਰਿਓਂ ਸੰਮਨ ਜਾਰੀ ਕਰ ਕੇ 23 ਜੂਨ ਨੂੰ ਪੁੱਛ-ਗਿੱਛ ਲਈ ਪੇਸ਼ ਹੋਣ ਨੂੰ ਕਿਹਾ ਹੈ। ਸੋਨੀਆ ਗਾਂਧੀ ਨੂੰ ਇਸ ਤੋਂ ਪਹਿਲਾਂ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੋਰੋਨਾ ਤੋਂ ਪੀੜਤ ਹੋਣ ਕਰ ਕੇ ਉਨ੍ਹਾਂ ਨੇ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਨਵੀਂ ਤਾਰੀਖ਼ ਦੇਣ ਨੂੰ ਕਿਹਾ ਸੀ।