ਲੇਹ ਹਿੰਸਾ ਦੀ ਹੋਵੇ ਅਦਾਲਤੀ ਜਾਂਚ, ਹੁਕਮ ਆਉਣ ਤੱਕ ਜੇਲ ’ਚ ਰਹਿਣ ਲਈ ਤਿਆਰ : ਵਾਂਗਚੁਕ
Sunday, Oct 05, 2025 - 11:38 PM (IST)

ਲੇਹ, (ਭਾਸ਼ਾ)- ਜੇਲ ’ਚ ਬੰਦ ਪੌਣ-ਪਾਣੀ ਵਰਕਰ ਸੋਨਮ ਵਾਂਗਚੁਕ ਨੇ ਲੱਦਾਖ ਦੇ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਅਧੀਨ ਰਾਜ ਤੇ ਸੁਰੱਖਿਆ ਲਈ ਆਪਣੇ ਸੰਘਰਸ਼ ਨੂੰ ਗਾਂਧੀਵਾਦੀ ਤਰੀਕੇ ਨਾਲ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਾਂਗਚੁਕ ਦੇ ਵਕੀਲ ਨੇ ਐਤਵਾਰ ਇਹ ਗੱਲ ਕਹੀ।
ਵਾਂਗਚੁਕ ਨੇ ਆਪਣਾ ਸੰਦੇਸ਼ ਲੇਹ ਐਪੈਕਸ ਬਾਡੀ ਦੇ ਕਾਨੂੰਨੀ ਸਲਾਹਕਾਰ ਹਾਜੀ ਮੁਸਤਫਾ ਰਾਹੀਂ ਦਿੱਤਾ, ਜੋ ਉਨ੍ਹਾਂ ਦੇ ਵੱਡੇ ਭਰਾ ਕੇ. ਸੇਤਨ ਦੋਰਜੇ ਨਾਲ ਸ਼ਨੀਵਾਰ ਰਾਜਸਥਾਨ ਦੀ ਜੋਧਪੁਰ ਜੇਲ ’ਚ ਉਨ੍ਹਾਂ ਨੂੰ ਮਿਲਣ ਗਏ ਸਨ।
ਸੰਦੇਸ਼ ’ਚ ਵਾਂਗਚੁਕ ਨੇ ਕਿਹਾ ਕਿ ਉਹ 24 ਸਤੰਬਰ ਦੀ ਹਿੰਸਾ ਦੌਰਾਨ 4 ਵਿਅਕਤੀਆਂ ਦੀ ਹੱਤਿਆ ਦੀ ਨਿਰਪੱਖ ਅਦਾਲਤੀ ਜਾਂਚ ਦਾ ਹੁਕਮ ਜਾਰੀ ਹੋਣ ਤੱਕ ਜੇਲ ’ਚ ਰਹਿਣ ਲਈ ਤਿਆਰ ਹਨ।
ਉਨ੍ਹਾਂ ਨੂੰ 26 ਸਤੰਬਰ ਨੂੰ ਸਖ਼ਤ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਲੇਹ ’ਚ ਹਿਰਾਸਤ ’ਚ ਲਿਆ ਗਿਆ ਸੀ। ਉਸ ਤੋਂ 2 ਦਿਨ ਪਹਿਲਾਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਲਈ ਸੂਬੇ ਦਾ ਤੇ ਛੇਵੀਂ ਅਨੁਸੂਚੀ ਦਾ ਦਰਜਾ ਮੰਗਦੇ ਹੋਏ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਅਧਿਕਾਰੀਆਂ ਨੇ ਵਾਂਗਚੁਕ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ।