ਟਰੈਕਟਰ ਵਿਵਾਦ ''ਚ ਕਲਯੁੱਗੀ ਪੁੱਤਰ ਨੇ ਲਈ ਪਿਤਾ ਦੀ ਜਾਨ

10/15/2019 10:23:45 AM

ਮਥੁਰਾ (ਭਾਸ਼ਾ)— ਮਥੁਰਾ ਵਿਚ ਵੱਡੇ ਪੁੱਤਰ ਨੂੰ ਨਵਾਂ ਟਰੈਕਟਰ ਦੇਣ ਤੋਂ ਨਾਰਾਜ਼ ਛੋਟੇ ਪੁੱਤਰ ਨੇ ਆਪਣੇ ਪਿਤਾ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਮਥੁਰਾ ਦੇ ਥਾਣਾ ਵਰਿੰਦਾਵਨ ਖੇਤਰ ਦਾ ਬਾਟੀ ਪਿੰਡ ਵਾਸੀ ਰਾਮੇਸ਼ਵਰ ਆਪਣੇ ਵੱਡੇ ਭਰਾ ਨੂੰ ਨਵਾਂ ਟਰੈਕਟਰ ਦੇਣ ਕਾਰਨ ਆਪਣੇ ਪਿਤਾ ਮੋਤੀ ਸਿੰਘ ਤੋਂ ਨਾਰਾਜ਼ ਸੀ ਅਤੇ ਉਸ ਨੇ ਇਸ ਵਿਵਾਦ ਕਾਰਨ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਸਦਰ ਖੇਤਰ ਦੇ ਪੁਲਸ ਸਬ-ਇੰਸਪੈਕਟਰ ਰਮੇਸ਼ ਕੁਮਾਰ ਤਿਵਾੜੀ ਨੇ ਦੱਸਿਆ ਕਿ ਰਾਮੇਸ਼ਵਰ ਵਿਰੁੱਧ ਗੈਰ-ਇਰਾਦਤਨ ਕਤਲ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਮੁਖੀ ਸੰਜੀਵ ਕੁਮਾਰ ਦੁਬੇ ਨੇ ਦੱਸਿਆ ਕਿ ਰਾਮੇਸ਼ਵਰ ਇਸ ਗੱਲ ਤੋਂ ਆਪਣੇ ਪਿਤਾ ਤੋਂ ਨਾਰਾਜ਼ ਸੀ ਕਿ ਉਸ ਨੇ ਨਵਾਂ ਟਰੈਕਟਰ ਵੱਡੇ ਭਰਾ ਨਰਿੰਦਰ ਨੂੰ ਦੇ ਦਿੱਤਾ ਸੀ, ਜਦਕਿ ਉਹ ਖੁਦ ਪੁਰਾਣੇ ਟਰੈਕਟਰ ਤੋਂ ਕੰਮ ਚਲਾ ਰਿਹਾ ਸੀ। ਪਰਿਵਾਰ ਮੁਤਾਬਕ ਰਾਮੇਸ਼ਵਰ ਨੇ ਹੱਥ 'ਚ ਤੇਜ਼ਧਾਰ ਹਥਿਆਰ ਲੈ ਕੇ ਹਵਾ ਵਿਚ ਚਲਾਇਆ ਸੀ ਪਰ ਉਸ ਦਾ ਪਿਤਾ ਸਾਹਮਣੇ ਆ ਗਿਆ ਅਤੇ ਹਥਿਆਰ ਉਸ ਦੇ ਸਿਰ 'ਚ ਜਾ ਲੱਗਾ। ਜਿਸ ਕਾਰਨ ਮੋਤੀ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਮੋਤੀ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਜਲਦਬਾਜ਼ੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਹੈ। ਜਦੋਂ ਇਸ ਗੱਲ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਛੋਟੇ ਭਰਾ ਵਿਰੁੱਧ ਮੁਕੱਦਮਾ ਦਰਜ ਕਰਵਾਇਆ। ਰਾਮੇਸ਼ਵਰ ਫਰਾਰ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ।


Tanu

Content Editor

Related News