ਸੂਬਾ ਕਾਂਗਰਸ ਨਿਯੁਕਤ ਕਰੇਗੀ 10 ਹਜ਼ਾਰ ਸੋਸ਼ਲ ਮੀਡੀਆ ''ਵਾਰੀਅਰਜ਼''
Wednesday, Feb 10, 2021 - 11:31 AM (IST)
ਹਰਿਆਣਾ : ਕਾਂਗਰਸ ਪਾਰਟੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਆਪਣੀ ਫ਼ੌਜ ਖੜ੍ਹੀ ਕਰਨ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਦੇ ਲਈ ਪਾਰਟੀ ਵੱਲੋਂ 'ਜੁਆਇਨ ਸੋਸ਼ਲ ਮੀਡੀਆ ਵਾਰੀਅਰਜ਼' ਨਾਂ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਪੂਰੇ ਦੇਸ਼ 'ਚ ਜ਼ੋਰ-ਸ਼ੋਰ ਨਾਲ ਚਲਾਇਆ ਜਾਵੇਗਾ ਅਤੇ ਇਸ ਰਾਹੀਂ ਪਾਰਟੀ ਭਾਜਪਾ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਕਰ ਰਹੀ ਹੈ।
ਇਸ ਦੇ ਮੱਦੇਨਜ਼ਰ ਹੀ ਸੂਬਾ ਕਾਂਗਰਸ ਵੱਲੋਂ ਬੀਤੇ ਦਿਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੂਬਾ ਕਾਂਗਰਸ ਨੇ 10,000 ਵਾਰੀਅਰਜ਼ ਭਰਤੀ ਕਰਨ ਟੀਚਾ ਰੱਖਿਆ ਹੈ। ਇਸ ਬਾਰੇ ਗੱਲ ਕਰਦਿਆਂ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਾਂਗਰਸ ਕੋਲ ਅਜਿਹੇ ਲੋਕ ਹੋਣਗੇ, ਜੋ ਨਾਗਰਿਕਾਂ ਨਾਲ ਜੁੜੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ 'ਚ ਸ਼ਾਮਲ ਹੋਣ ਵਾਲਿਆਂ ਨੂੰ ਮੁੱਢਲੀ ਸਿਖਲਾਈ ਵੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਸਮਝ ਮੁਤਾਬਕ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ।
ਕਾਂਗਰਸ ਦੇ ਸੂਬਾ ਇੰਚਾਰਜ ਵਿਵੇਕ ਬਾਂਸਲ ਨੇ ਕਿਹਾ ਕਿ ਅੱਜ ਲੋਕਤੰਤਰੀ ਕਦਰਾਂ-ਕੀਮਤਾਂ ਖ਼ਤਰੇ 'ਚ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਨਾਗਰਿਕਾਂ ਨੂੰ ਵਿਰੋਧ ਕਰਨ ਦੀ ਮਨਜ਼ੂਰੀ ਦਿੰਦਾ ਹੈ ਪਰ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਪ੍ਰਤੀ ਕੇਂਦਰ ਦਾ ਰਵੱਈਆ ਬਹੁਤੇ ਸਾਰੇ ਪ੍ਰਸ਼ਨ ਖੜ੍ਹੇ ਕਰਦਾ ਹੈ।