ਹੁਣ ਤੱਕ 75.50 ਲੱਖ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਭਵਨ ਵਿਖੇ ਹੋ ਚੁੱਕੇ ਹਨ ਨਤਮਸਤਕ

Thursday, Oct 13, 2022 - 10:45 AM (IST)

ਹੁਣ ਤੱਕ 75.50 ਲੱਖ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਭਵਨ ਵਿਖੇ ਹੋ ਚੁੱਕੇ ਹਨ ਨਤਮਸਤਕ

ਕਟੜਾ (ਅਮਿਤ)- ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਅਕਤੂਬਰ ਮਹੀਨੇ ਤੱਕ 20 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਸ਼ਰਾਈਨ ਬੋਰਡ ਦੇ ਸੀ.ਈ.ਓ. ਅੰਸ਼ੁਲ ਗਰਗ ਨੇ ਜਗ ਬਾਣੀ ਦੇ ਨੁਮਾਇੰਦੇ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ’ਚ ਕਮੀ ਆਈ ਸੀ ਪਰ ਮੌਜੂਦਾ ਸਾਲ ’ਚ ਸਥਿਤੀ ਆਮ ਵਾਂਗ ਹੋਣ ਤੋਂ ਬਾਅਦ ਸ਼ਰਧਾਲੂਆਂ ’ਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ਦੇ ਨਰਾਤਿਆਂ ਦੌਰਾਨ 3.5 ਲੱਖ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸੀ. ਈ. ਓ. ਨੇ ਦੱਸਿਆ ਕਿ ਅਕਤੂਬਰ 2021 ਤੱਕ 55.50 ਲੱਖ ਦੇ ਕਰੀਬ ਸ਼ਰਧਾਲੂ ਵੈਸ਼ਨੋ ਦੇਵੀ ਭਵਨ ਵਿਖੇ ਮੱਥਾ ਟੇਕ ਚੁੱਕੇ ਸਨ ਜਦਕਿ ਚਾਲੂ ਸਾਲ 'ਚ ਹੁਣ ਤੱਕ 75.50 ਲੱਖ ਸ਼ਰਧਾਲੂ ਮਾਤਾ ਭਗਵਤੀ ਦੇ ਕੁਦਰਤੀ ਅਸਥਾਨਾਂ ਅੱਗੇ ਮੱਥਾ ਟੇਕ ਚੁੱਕੇ ਹਨ। ਅਨੁਮਾਨ ਹੈ ਕਿ ਜੇ ਸ਼ਰਧਾਲੂਆਂ ’ਚ ਇਸੇ ਤਰ੍ਹਾਂ ਵਾਧਾ ਦਰਜ ਕੀਤਾ ਜਾਂਦਾ ਹੈ ਤਾਂ ਚਾਲੂ ਸਾਲ ’ਚ ਲਗਭਗ 95 ਲੱਖ ਸ਼ਰਧਾਲੂ ਵੈਸ਼ਨੋ ਦੇਵੀ ਭਵਨ ’ਚ ਮੱਥਾ ਟੇਕਣਗੇ।

ਇਹ ਵੀ ਪੜ੍ਹੋ : ਤਾਮਿਲਨਾਡੂ ਤੋਂ ਚੋਰੀ 2 ਮੂਰਤੀਆਂ ਅਮਰੀਕੀ ਮਿਊਜ਼ੀਅਮ ’ਚ ਮਿਲੀਆਂ

ਸ਼ਰਧਾਲੂਆਂ ਦੀ ਸਹੂਲਤ ਲਈ ਵਿਕਾਸ ਕਾਰਜ ਜਾਰੀ

ਸੀ. ਈ. ਓ ਸ਼ਰਾਈਨ ਬੋਰਡ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਵੈਸ਼ਨੋ ਦੇਵੀ ਭਵਨ ਵਿਖੇ ਤੇਜ਼ੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ। ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਦੁਰਗਾ ਭਵਨ ਦੀ ਉਸਾਰੀ ਅਤੇ ਸਕਾਈਵਾਕ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ। ਨਿਰਮਾਣ ਕਾਰਜ ਮੁਕੰਮਲ ਹੋਣ ਨਾਲ ਵੈਸ਼ਨੋ ਦੇਵੀ ਭਵਨ ਵਿਖੇ ਠਹਿਰਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੇਗੀ। ਸੀ. ਈ. ਓ. ਨੇ ਦੱਸਿਆ ਕਿ ਸ਼੍ਰਾਈਨ ਬੋਰਡ ਦੇ ਪ੍ਰਸ਼ਾਸਨ ਵੱਲੋਂ ਨਰਾਤਿਆਂ ਦੌਰਾਨ ਵੱਖ-ਵੱਖ ਦਿਵਿਆਂਗ ਵਿਅਕਤੀਆਂ ਲਈ ਮੁਫ਼ਤ ਘੋੜੇ ਅਤੇ ਬੈਟਰੀ ਦੀ ਸਹੂਲਤ ਦਾ 638 ਸ਼ਰਧਾਲੂਆਂ ਨੇ ਲਾਭ ਉਠਾਇਆ। ਇਸ ਸਹੂਲਤ ਲਈ ਯਾਤਰਾ ਦੇ ਰੂਟ ’ਤੇ ਤਾਇਨਾਤ ਸ਼ਰਾਈਨ ਬੋਰਡ ਦੇ ਵੱਖ-ਵੱਖ ਅਧਿਕਾਰੀਆਂ ਨੇ ਵੀ ਭਰਪੂਰ ਸਹਿਯੋਗ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News