ਹਿਮਾਚਲ ਦੇ ਰੋਹਤਾਂਗ ਤੇ ਕੁੰਜਮ ਦੱਰੇ ’ਚ ਬਰਫਬਾਰੀ, ਤਾਪਮਾਨ ’ਚ ਗਿਰਾਵਟ
Sunday, Nov 05, 2023 - 12:29 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਲਾਹੌਲ ਦੀ ਚੰਦਰਘਾਟੀ ਦੇ ਕੋਕਸਰ ’ਚ ਸ਼ੁੱਕਰਵਾਰ ਰਾਤ ਤਾਜ਼ਾ ਬਰਫਬਾਰੀ ਹੋਈ। ਸੂਬੇ ’ਚ ਹੋਰ ਮੀਂਹ ਅਤੇ ਬਰਫਬਾਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਰੋਹਤਾਂਗ ਦੱਰੇ ਦੇ ਨਾਲ ਹੀ ਕੁੰਜੁਮ ਦੱਰੇ ਦੀਆਂ ਵਾਦੀਆਂ ਬਰਫ਼ ਨਾਲ ਚਿੱਟੀਆਂ ਹੋ ਗਈਆਂ ਹਨ। ਇਸ ਕਾਰਨ ਤਾਪਮਾਨ ਡਿੱਗ ਗਿਆ ਹੈ। ਪਾਣੀ ਵੀ ਜੰਮਣਾ ਸ਼ੁਰੂ ਹੋ ਗਿਆ ਹੈ। ਵਾਦੀ ਦੇ ਕਾਰੋਬਾਰੀ ਹੋਰ ਬਰਫਬਾਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਇੱਥੇ ਸੈਲਾਨੀ ਵੱਧ ਤੋਂ ਵੱਧ ਆਉਣ।
ਦੂਜੇ ਪਾਸੇ ਮਨਾਲੀ-ਲੇਹ ਮਾਰਗ ’ਤੇ ਵਾਹਨਾਂ ਦੀ ਆਵਾਜਾਈ ਜਾਰੀ ਹੈ। ਸ਼ਨੀਵਾਰ ਮਨਾਲੀ ਵਾਲੇ ਪਾਸੇ ਤੋਂ 40 ਤੋਂ ਵੱਧ ਵਾਹਨ ਦਾਰਚਾ ਤੋਂ ਲੇਹ ਲਈ ਰਵਾਨਾ ਹੋਏ। ਰੋਹਤਾਂਗ ਦੱਰੇ ’ਚ ਬਰਫਬਾਰੀ ਕਾਰਨ ਚੰਦਰਘਾਟੀ ’ਚ ਕੜਾਕੇ ਦੀ ਠੰਡ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ 7 ਅਤੇ 8 ਨਵੰਬਰ ਨੂੰ ਹੋਰ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਸੂਬੇ ਦੇ ਉੱਚਾਈ ਵਾਲੇ ਖੇਤਰਾਂ 'ਚ ਬਰਫ਼ਬਾਰੀ ਹੋ ਸਕਦੀ ਹੈ । ਨਾਲ ਹੀ ਮੀਂਹ ਵੀ ਪੈ ਸਕਦਾ ਹੈ।