ਬਦਰੀਨਾਥ ਧਾਮ ਵਿਖੇ ਬਰਫਬਾਰੀ ਨੇ ਤੋੜਿਆ 40 ਸਾਲ ਪੁਰਾਣਾ ਰਿਕਾਰਡ
Tuesday, Oct 07, 2025 - 04:33 AM (IST)

ਸ਼ਿਮਲਾ/ਸ਼੍ਰੀਨਗਰ - ਸਰਦ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਪਹਾੜਾਂ ’ਤੇ ਭਾਰੀ ਮੀਂਹ ਪਿਆ ਹੈ ਤੇ ਬਰਫ਼ਬਾਰੀ ਹੋਈ ਹੈ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਸੈਲਾਨੀਆਂ ਦੇ ਚਿਹਰਿਆਂ ’ਤੇ ਖੁਸ਼ੀ ਛਾ ਗਈ ਹੈ।
ਸ਼ਿਮਲਾ ਦੇ ਮੌਸਮ ਕੇਂਦਰ ਨੇ ਕਾਂਗੜਾ, ਮੰਡੀ, ਕੁੱਲੂ, ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ ਤੇ ਲਾਹੌਲ-ਸਪਿਤੀ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਤੇ ਬਰਫ਼ਬਾਰੀ ਕਾਰਨ ਉੱਤਰਾਖੰਡ ਦੇ ਕੇਦਾਰਨਾਥ ਧਾਮ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਪਹਾੜੀ ਖੇਤਰਾਂ ਤਕ ਠੰਢ ਨੇ ਪੈਰ ਪਸਾਰ ਲਏ ਹਨ। ਇਸ ਸਾਲ ਬਦਰੀਨਾਥ ਧਾਮ ਵਿਖੇ ਮੌਸਮ ਨੇ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।
1980 ਦੇ ਦਹਾਕੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਕਤੂਬਰ ਦੇ ਪਹਿਲੇ ਹਫ਼ਤੇ ਹੀ ਇੱਥੇ ਬਰਫ਼ਬਾਰੀ ਹੋਈ ਹੈ। ਸ਼੍ਰੀ ਕੇਦਾਰਨਾਥ ਧਾਮ ਵਿਖੇ ਸੋਮਵਾਰ ਦੁਪਹਿਰ 1:30 ਵਜੇ ਦੇ ਕਰੀਬ ਬਰਫ਼ਬਾਰੀ ਸ਼ੁਰੂ ਹੋ ਗਈ। ਯਮੁਨੋਤਰੀ ਤੇ ਗੰਗੋਤਰੀ ਧਾਮ ’ਚ ਭਾਰੀ ਮੀਂਹ ਕਾਰਨ ਤਾਪਮਾਨ ’ਚ ਕਾਫ਼ੀ ਗਿਰਾਵਟ ਆਈ ਹੈ।
ਮੀਂਹ ਕਾਰਨ ਪੰਜਾਬ ਤੇ ਹਰਿਆਣਾ ’ਚ ਵੀ ਤਾਪਮਾਨ ਡਿੱਗਾ ਹੈ। ਮੌਸਮ ਵਿਭਾਗ ਨੇ ਪਹਾੜੀ ਇਲਾਕਿਆਂ ’ਚ ਮੰਗਲਵਾਰ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚੋਂ ਗੁਲਮਰਗ ਦੇ ਮਾਊਂਟ ਅਫਾਰਵਾਤ ਤੇ ਸੋਨਮਰਗ ਦੇ ਜ਼ੋਜਿਲਾ ਦੱਰੇ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ।