22 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਭਾਰਤੀ ਫ਼ੌਜ ਨੇ ਬਰਫ਼ ਹਟਾ ਕੇ ਰਸਤਾ ਕੀਤਾ ਸਾਫ਼
Monday, Apr 25, 2022 - 10:43 AM (IST)
ਗੋਪੇਸ਼ਵਰ (ਭਾਸ਼ਾ)- ਭਾਰਤੀ ਫ਼ੌਜ ਨੇ ਐਤਵਾਰ ਨੂੰ ਗੜ੍ਹਵਾਲ ਹਿਮਾਲਿਆ 'ਚ 15,200 ਫੁੱਟ 'ਤੇ ਸਥਿਤ ਵਿਸ਼ਵ ਦੇ ਸਭ ਤੋਂ ਉੱਚੇ ਗੁਰਦੁਆਰੇ ਹੇਮਕੁੰਟ ਸਾਹਿਬ ਤੱਕ ਬਰਫ਼ ਹਟਾ ਕੇ ਆਵਾਜਾਈ ਲਈ ਰਸਤਾ ਸਾਫ਼ ਕਰ ਦਿੱਤਾ। 22 ਮਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਫ਼ੌਜ ਦੇ ਜਵਾਨ ਰਸਤੇ 'ਚ ਪਈ ਬਰਫ਼ ਹਟਾਉਣ ਲਈ 14 ਅਪ੍ਰੈਲ ਨੂੰ ਵਿਸਾਖੀ ਤਿਉਹਾਰ 'ਤੇ ਗੋਵਿੰਦਘਾਟ ਤੋਂ ਰਵਾਨਾ ਹੋਏ ਸਨ। ਇਨ੍ਹਾਂ ਨਾਲ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰ ਵੀ ਗਏ ਸਨ। ਸੂਬੇਦਾਰ ਜਗਸੀਰ ਸਿੰਘ ਅਤੇ ਹੌਲਦਾਰ ਮਲਕੀਤ ਸਿੰਘ ਦੀ ਅਗਵਾਈ 'ਚ ਟੀਮ ਨੇ ਰਸਤੇ ਤੋਂ ਬਰਫ਼ ਹਟਾਉਣ ਦਾ ਕੰਮ ਤੈਅ ਸਮੇਂ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਹੈ।
ਰਸਤਾ ਖੁੱਲਣ ਨਾਲ ਹੁਣ ਜਲਦ ਹੀ ਬਿਜਲੀ-ਪਾਣੀ ਦੀ ਸਹੂਲਤ ਵੀ ਉਪਲੱਬਧ ਹੋ ਜਾਵੇਗੀ। ਮਾਰਗ ਖੋਲ੍ਹੇ ਜਾਣ ਦੀ ਜ਼ਿੰਮੇਵਾਰੀ ਹਮੇਸ਼ਾ ਤੋਂ ਹੀ ਭਾਰਤੀ ਫ਼ੌਜ ਹੀ ਨਿਭਾਉਂਦੀ ਆਈ ਹੈ। ਹੇਮਕੁੰਟ ਸਾਹਿਬ ਗੁਰਦੁਆਰਾ ਦੀ 18 ਕਿਲੋਮੀਟਰ ਦੀ ਕਠਿਨ ਪੈਦਲ ਯਾਤਰਾ ਗੋਵਿੰਦਘਾਟ ਤੋਂ ਸ਼ੁਰੂ ਹੁੰਦੀ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਜੱਥਾ 19 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੱਡੀ ਗਿਣਤੀ 'ਚ ਸ਼ਰਧਾਲੂ ਆਉਣਗੇ ਅਤੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟੇਗਾ।