ਸਮਰਿਤੀ ਦਾ ਵੱਡਾ ਦੋਸ਼- ਅਮੇਠੀ ''ਚ ਬੂਥ ਕੈਪਚਰਿੰਗ ਕਰਵਾ ਰਹੇ ਨੇ ਰਾਹੁਲ ਗਾਂਧੀ
Monday, May 06, 2019 - 12:08 PM (IST)
ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਲਈ 5ਵੇਂ ਗੇੜ ਦੀ ਵੋਟਿੰਗ ਤਹਿਤ ਵੋਟਾਂ ਪੈ ਰਹੀਆਂ ਹਨ। ਇਸ ਸੀਟ 'ਤੇ ਮੁਕਾਬਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਵਿਚਾਲੇ ਹੈ। ਵੋਟਾਂ ਦਰਮਿਆਨ ਹੀ ਸਮਰਿਤੀ ਇਰਾਨੀ ਨੇ ਰਾਹੁਲ ਗਾਂਧੀ 'ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਬੂਥ ਕੈਪਚਰਿੰਗ ਲਈ ਅਮੇਠੀ ਆਏ ਹਨ। ਇਸ ਨੂੰ ਲੈ ਕੇ ਸਮਰਿਤੀ ਨੇ ਚੋਣ ਕਮਿਸ਼ਨ ਨੂੰ ਬਕਾਇਦਾ ਟਵੀਟ ਵੀ ਕੀਤਾ ਹੈ। ਸਮਰਿਤੀ ਨੇ ਲਿਖਿਆ ਕਿ ਉਮੀਦ ਹੈ ਕਿ ਕੁਝ ਐਕਸ਼ਨ ਲਿਆ ਜਾਵੇਗਾ। ਦੇਸ਼ ਦੀ ਜਨਤਾ ਨੂੰ ਰਾਹੁਲ ਗਾਂਧੀ ਦੀ ਇਸ ਤਰ੍ਹਾਂ ਦੀ ਰਾਜਨੀਤੀ ਬਾਰੇ ਫੈਸਲਾ ਕਰਨਾ ਹੈ।
ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੇ ਸਮਰਿਤੀ ਨੂੰ ਹਰਾਇਆ ਸੀ। ਇਸ ਚੋਣਾਂ ਵਿਚ ਰਾਹੁਲ ਨੂੰ 408,651 ਵੋਟਾਂ ਮਿਲੀਆਂ ਸਨ, ਜਦਕਿ ਸਮਰਿਤੀ ਇਰਾਨੀ ਨੂੰ 300,74 ਵੋਟਾਂ ਮਿਲੀਆਂ ਸਨ। 2014 ਦੀਆਂ ਚੋਣਾਂ ਦੌਰਾਨ ਵੀ ਰਾਹੁਲ ਗਾਂਧੀ ਦੀ ਵੋਟਿੰਗ ਕੇਂਦਰ ਦੇ ਅੰਦਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ਨੂੰ ਲੈ ਕੇ ਕਾਫੀ ਰੌਲਾ ਪਿਆ ਸੀ। ਅਮੇਠੀ ਸੰਸਦੀ ਸੀਟ ਨੂੰ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ। ਇਸ ਸੀਟ 'ਤੇ ਹੁਣ ਤਕ 16 ਲੋਕ ਸਭਾ ਚੋਣਾਂ ਅਤੇ 2 ਜ਼ਿਮਨੀ ਚੋਣਾਂ ਹੋਈਆਂ ਹਨ। ਇਨ੍ਹਾਂ 'ਚੋਂ ਕਾਂਗਰਸ ਨੇ 16 ਵਾਰ ਜਿੱਤ ਹਾਸਲ ਕੀਤੀ ਹੈ। ਸਾਲ 1977 'ਚ ਲੋਕ ਦਲ ਅਤੇ 1998 ਵਿਚ ਭਾਜਪਾ ਨੂੰ ਜਿੱਤ ਮਿਲੀ ਸੀ। ਜਦਕਿ ਬਸਪਾ ਅਤੇ ਸਪਾ ਅਜੇ ਤਕ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ।
