ਸਮੋਕਿੰਗ ਕਰਨ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖਤਰਾ
Thursday, Mar 26, 2020 - 07:16 PM (IST)

ਨਵੀਂ ਦਿੱਲੀ– ਜੇ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਕੋਰੋਨਾ ਵਾਇਰਸ ਤੁਹਾਡੇ ਫੇਫੜਿਆਂ ’ਤੇ ਵਾਰ ਕਰਦਾ ਹੈ। ਯਾਨੀ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਫੇਫੜੇ ਇੰਨੇ ਮਜ਼ਬੂਤ ਨਹੀਂ ਹੁੰਦੇ ਕਿ ਵਾਇਰਸ ਦਾ ਮੁਕਾਬਲਾ ਕਰ ਸਕਣ। ਅਜਿਹੇ ’ਚ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਨੂੰ ਕੋਰੋਨਾ ਇਨਫੈਕਸ਼ਨ ਬਹੁਤ ਛੇਤੀ ਹੋਣ ਦੇ ਨਾਲ ਤੁਹਾਡੀ ਰਿਕਵਰੀ ਦੇ ਚਾਂਸ ਵੀ ਬਹੁਤ ਘੱਟ ਹੁੰਦੇ ਹਨ। ਸਮੋਕਿੰਗ ਲੋਕਾਂ ਨੂੰ ਅਤਿ ਸੰਵੇਦਨਸ਼ੀਲ ਬਣਾ ਦਿੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਕੋਰੋਨਾ ਆਪਣੀ ਲਪੇਟ ’ਚ ਲੈ ਸਕਦਾ ਹੈ। ਇਹ ਤੱਥ ਯੂਰਪੀਅਨ ਯੂਨੀਅਨ ਹੈਲਥ ਏਜੰਸੀ ਦੇ ਇਕ ਅਧਿਐਨ ’ਚ ਸਾਹਮਣੇ ਆਇਆ ਹੈ। ਵੂਮੈਨਸ ਹੈਲਥ ਅਤੇ ਵੈੱਲਨੈੱਸ ਵੈੱਬਸਾਈਟ ‘ਹੈਲਥਸ਼ਾਟਸ’ ਵਿਚ ਛਪੇ ਇਕ ਲੇਖ ਮੁਤਾਬਕ ਸਮੋਕਿੰਗ ਅਤੇ ਕੋਰੋਨਾ ਵਾਇਰਸ ਨਾਲ ਜੁੜੇ ਕਈ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ।
ਵਾਇਰਸ ਤੋਂ ਸਭ ਤੋਂ ਜ਼ਿਆਦਾ ਖਤਰਾ
ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਟਾ ਮੁਤਾਬਕ ਸਮੋਕਿੰਗ ਕਰਨ ਵਾਲੇ ਲੋਕਾਂ ਨੂੰ ਕੋਵਿਡ-19 ਵਾਇਰਸ ਦੀ ਲਪੇਟ ’ਚ ਆਉਣ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਅੰਕੜਿਆਂ ਮੁਤਾਬਕ ਚੀਨ ’ਚ 80 ਫੀਸਦੀ ਲੋਕ ਜੋ ਇਸ ਬੀਮਾਰੀ ਦੀ ਲਪੇਟ ’ਚ ਸਨ, ਉਨ੍ਹਾਂ ’ਚ ਵਾਇਰਸ ਦੇ ਬਹੁਤ ਘੱਟ ਲੱਛਣ ਦਿਖਾਈ ਦਿੱਤੇ ਸਨ ਜਦੋਂ ਕਿ ਯੂਰਪ ’ਚ ਇਹ ਅੰਕੜਾ 70 ਫੀਸਦੀ ਸੀ ਪਰ 10 ’ਚੋਂ 3 ਮਾਮਲਿਆਂ ਨੂੰ ਹਾਸਪਿਟਲਾਈਜ਼ੇਸ਼ਨ ਦੀ ਸਖਤ ਲੋੜ ਸੀ। ਉਥੇ ਹੀ 70 ਸਾਲ ਤੋਂ ਉਪਰ ਉਮਰ ਵਾਲੇ ਮਰੀਜ਼ ਜਿਨ੍ਹਾਂ ਨੂੰ ਹਾਈਪਰ, ਡਾਇਬਟੀਜ਼, ਕਾਰਡੀਓਵਾਸਕੁਲਰ ਦੀ ਸ਼ਿਕਾਇਤ ਸੀ, ਉਹ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪੀੜਤ ਸਨ। ਇਨ੍ਹਾਂ ਮਰੀਜ਼ਾਂ ’ਚ ਮਰਦਾਂ ਦੀ ਗਿਣਤੀ ਵੱਧ ਸੀ। ਰਿਪੋਰਟ ’ਚ ਇਹ ਤੱਥ ਵੀ ਸਾਹਮਣੇ ਆਏ ਕਿ ਸਮੋਕਿੰਗ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਸ ਬੀਮਾਰੀ ਦੇ ਲੱਛਣ ਦੇ ਰੂਪ ’ਚ ਸਾਹ ਲੈਣ ’ਚ ਤਕਲੀਫ ਦੀ ਸ਼ਿਕਾਇਤ ਦੇਖੀ ਗਈ। ਬਜ਼ੁਰਗਾਂ ਦੀ ਤੁਲਨਾ ’ਚ ਸਮੋਕਿੰਗ ਕਰਨ ਵਾਲੇ ਲੋਕਾਂ ਦੀਆਂ ਮੌਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ। ਉਥੇ ਹੀ ਚੀਨ ਦੇ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ 99 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲਏ ਸਨ। ਇਸ ਜਾਂਚ ’ਚ ਉਨ੍ਹਾਂ ਨੇ ਦੇਖਿਆ ਕਿ ਸਿਗਰਟਨੋਸ਼ੀ ਕਰਨ ਵਾਲੇੇ ਲੋਕਾਂ ਦੀ ਮੌਤ ਦਾ ਅੰਕੜਾ ਬਜ਼ੁਰਗਾਂ ਦੀ ਤੁਲਨਾ ’ਚ ਕਾਫੀ ਜ਼ਿਆਦਾ ਸੀ।
ਇਸ ਬਾਰੇ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਦੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਸਮੋਕਿੰਗ ਨਾਲ ਫੇਫੜਿਆਂ ’ਚ ਐਂਜ਼ਾਈਮ ਦੀ ਕਿਰਿਆਸ਼ੀਲਤਾ ਵਧ ਜਾਂਦੀ ਹੈ, ਜਿਸ ਨਾਲ ਏ. ਸੀ. ਈ.-2 ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ। ਉਥੇ ਹੀ ਏ. ਸੀ. ਈ.-2 (ਐਨਜਿਓਟੈਨਸਿਨ ਕਨਵਰਟਿੰਗ ਐਂਜ਼ਾਈਮ 2) ਉਮਰ ਅਤੇ ਕੁਝ ਹੋਰ ਕਾਰਕਾਂ ਜਿਵੇਂ ਹਾਈਪਰਟੈਨਸ਼ਨ ਦੇ ਇਲਾਜ ਨਾਲ ਵੀ ਵਧਦਾ ਹੈ। ਇਹ ਦੋਵੇਂ ਬੇਹੱਦ ਖਤਰਨਾਕ ਤੱਥ ਹਨ।