ਤੁਹਾਡੀਆਂ ਆਦਤਾਂ ਨੂੰ ਸਮਝੇਗਾ ਸਮਾਰਟ ਡੈਸਕ, ਰੱਖੇਗਾ ਤੁਹਾਡਾ ਖਿਆਲ
Friday, Jun 30, 2017 - 03:11 AM (IST)
ਮੁੰਬਈ— ਭਵਿੱਖ ਦੀਆਂ ਤਕਨੀਕਾਂ ਤੁਹਾਨੂੰ ਹੈਰਾਨ ਕਰਨ ਵਾਲੇ ਨਤੀਜੇ ਦੇਣ ਵਾਲੀਆਂ ਹਨ। ਉਨ੍ਹਾਂ 'ਚੋਂ ਇਕ ਹੈ ਸਮਾਰਟ ਡੈਸਕ। ਆਫਿਸ 'ਚ ਜੇ ਤੁਸੀਂ ਕੰਮ ਕਰਦੇ-ਕਰਦੇ ਥੱਕ ਗਏ ਹੋ ਤਾਂ ਇਹ ਡੈਸਕ ਤੁਹਾਨੂੰ ਬ੍ਰੇਕ ਲੈਣ ਨੂੰ ਕਹੇਗਾ। ਇਹ ਤੁਹਾਡੀਆਂ ਆਦਤਾਂ ਅਤੇ ਬੈਠਣ ਦੇ ਤਰੀਕੇ ਨੂੰ ਪਛਾਣੇਗਾ ਅਤੇ ਜੇ ਤੁਸੀਂ ਢੰਗ ਨਾਲ ਨਹੀਂ ਬੈਠੇ ਤਾਂ ਤੁਹਾਨੂੰ ਟੋਕੇਗਾ ਵੀ। ਰੋਜ਼ਾਨਾ ਆਫਿਸ 'ਚ ਘੰਟਿਆਬੱਧੀ ਆਪਣੇ ਡੈਸਕ 'ਤੇ ਕੰਮ ਕਰਨ ਵਾਲਿਆਂ ਨੂੰ ਫਿੱਟ ਰੱਖਣ ਵਿਚ ਵੀ ਇਹ ਸਮਾਰਟ ਡੈਸਕ ਮਦਦਗਾਰ ਹੋ ਸਕਦਾ ਹੈ।
ਇਹ ਇਕ ਸਿਟ ਅਤੇ ਸਟੈਂਡ ਡੈਸਕ ਹੈ। ਮਤਲਬ ਤੁਸੀ ਇਸ 'ਤੇ ਬੈਠ ਕੇ ਜਾਂ ਖੜ੍ਹੇ ਹੋ ਕੇ ਕੰਮ ਕਰ ਸਕਦੇ ਹੋ। ਇਸ ਵਿਚ ਬਹੁਤ ਸਾਰੇ ਸੈਂਸਰ ਲਗਾਏ ਗਏ ਹਨ, ਜੋ ਤੁਹਾਡੀਆਂ ਆਦਤਾਂ ਨੂੰ ਪਛਾਣ ਕੇ ਤੁਹਾਡੇ 'ਤੇ ਲਗਾਤਾਰ ਨਜ਼ਰ ਰੱਖਣਗੇ। ਜੇ ਤੁਸੀਂ ਕਾਫੀ ਦੇਰ ਤੋਂ ਬੈਠੇ ਹੋ ਤਾਂ ਇਹ ਵਾਈਬ੍ਰੇਟ ਹੋ ਕੇ ਤੁਹਾਡੇ ਖੜ੍ਹੇ ਹੋਣ ਲਈ ਇਸ਼ਾਰਾ ਕਰੇਗਾ। ਇਸ ਤੋਂ ਇਲਾਵਾ ਡੈਸਕ ਤੁਹਾਡੀ ਉਚਾਈ ਦੇ ਹਿਸਾਬ ਨਾਲ ਹਾਈਟ ਵੀ ਅਡਜਸਟ ਕਰ ਲਵੇਗਾ। ਇੰਨਾ ਹੀ ਨਹੀਂ ਇਹ ਤੁਹਾਡੇ ਮਾਊਸ ਕਲਿਕਸ ਅਤੇ ਕੀ ਸਟਰੋਕਸ ਦੀ ਵੀ ਨਿਗਰਾਨੀ ਕਰੇਗਾ। ਆਸਾਨ ਸ਼ਬਦਾਂ ਵਿਚ ਕਹੀਏ ਤਾਂ ਡੈਸਕ ਨੂੰ ਪਤਾ ਹੋਵੇਗਾ ਕਿ ਤੁਸੀਂ ਕਦੋਂ ਅਤੇ ਕਿੰਨਾ ਕੰਮ ਕਰ ਰਹੇ ਹੋ। ਡੈਸਕ ਤੁਹਾਡੇ ਕੰਮ ਨੂੰ ਬਿਹਤਰ ਕਰਨ ਨਾਲ ਜੁੜੀ ਸਲਾਹ ਵੀ ਦੇਵੇਗਾ। ਇਸ ਦੀ ਮਦਦ ਨਾਲ ਆਫਿਸ ਵਿਚ ਕੰਮ ਕਰਨ ਵਾਲਿਆਂ 'ਤੇ ਨਜ਼ਰ ਰੱਖਣਾ ਆਸਾਨ ਹੋ ਜਾਵੇਗਾ ਅਤੇ ਕੰਮ ਚੋਰੀ ਨਹੀਂ ਚੱਲੇਗੀ।