ਫੇਫੜੇ ਦੇ ਕੈਂਸਰ ਦੇ ਇਲਾਜ ’ਚ ਟਾਰਗੇਟਿਡ ਅਤੇ ਇਮਿਊਨੋ ਥੈਰੇਪੀ ਬੇਹੱਦ ਕਾਰਗਰ

02/19/2019 7:31:26 PM

ਨਵੀਂ ਦਿੱਲੀ (ਅਨਸ)- ਫੇਫੜੇ ਦੇ ਕੈਂਸਰ ਦੇ ਇਲਾਜ ਲਈ ਟਾਰਗੇਟਿਡ ਥੈਰੇਪੀ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟਾਰਗੇਟਿਡ ਅਤੇ ਇਮਿਊਨੋ ਥੈਰੇਪੀ ਨਾਲ ਸਟੇਜ 4 ਫੇਫੜੇ ਦੇ ਕੈਂਸਰ ਵਾਲੇ ਰੋਗੀ ਵਧੀਆ ਜ਼ਿੰਦਗੀ ਬਿਤਾ ਰਹੇ ਹਨ। ਨਵੀਂ ਦਿੱਲੀ ਸਥਿਤ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦੇ ਸੀਨੀਅਰ ਮਾਹਿਰ ਡਾ. ਉੱਲਾਸ ਬੱਤਰਾ ਨੇ ਦੱਸਿਆ ਕਿ ਫੇਫੜੇ ਦੇ ਕੈਂਸਰ ਦਾ ਪਤਾ ਜ਼ਿਆਦਾਤਰ ਬਾਅਦ ਦੀ ਸਟੇਜ ’ਤੇ ਹੀ ਲੱਗਦਾ ਹੈ। ਇਸੇ ਲਈ ਸਿਰਫ 15 ਫੀਸਦੀ ਮਾਮਲਿਆਂ ’ਚ ਹੀ ਇਸ ਦਾ ਇਲਾਜ ਸੰਭਵ ਹੁੰਦਾ ਹੈ। ਹਾਲਾਂਕਿ ਟਾਰਗੇਟਿਡ ਥੈਰੇਪੀ ਅਤੇ ਇਮਿਊਨੋ ਥੈਰੇਪੀ ਵਰਗੀਆਂ ਰਣਨੀਤੀਆਂ ਅਤੇ ਨਵੀਆਂ ਖੋਜਾਂ ਨਾਲ ਉਮੀਦ ਦੀ ਕਿਰਨ ਦਿਖੀ ਹੈ।

ਡਾ. ਬੱਤਰਾ ਨੇ ਕਿਹਾ ਕਿ ਫੇਫੜਿਆਂ ਦੇ ਕੈਂਸਰ ਲਈ ਸਭ ਤੋਂ ਅਹਿਮ ਜੋਖਮ ਕਾਰਕ ਕਿਸੇ ਵੀ ਰੂਪ ’ਚ ਸਿਗਰਟਨੋਸ਼ੀ ਕਰਨਾ ਹੈ, ਭਾਵੇਂ ਉਹ ਸਿਗਰਟ, ਬੀੜੀ ਜਾਂ ਸਿਗਾਰ ਹੋਵੇ। ਸਿਗਰਟਨੋਸ਼ੀ ਕਰਨ ਨਾਲ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ 15 ਤੋਂ 30 ਗੁਣਾ ਵੱਧ ਜਾਂਦੀ ਹੈ ਅਤੇ ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਇਨ੍ਹਾਂ ਵਿਅਕਤੀਆਂ ਦੇ ਫੇਫੜਿਆਂ ਦੇ ਕੈਂਸਰ ਨਾਲ ਮਰਨ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਸਿਗਰਟਨੋਸ਼ੀ ਕਰਨ ਵਾਲੇ ਦੇ ਨੇੜੇ-ਤੇੜੇ ਰਹਿਣਾ ਵੀ ਨੁਕਸਾਨਦਾਇਕ ਹੈ। ਅਧਿਅੈਨਾਂ ਤੋਂ ਪਤਾ ਲੱਗਾ ਹੈ ਕਿ ਤੰਮਾਕੂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ’ਚ ਫੇਫੜਿਆਂ ਦੇ ਕੈਂਸਰ ਦਾ ਜੋਖਮ 20 ਫੀਸਦੀ ਵੱਧ ਜਾਂਦਾ ਹੈ। ਫੇਫੜੇ ਦੇ ਕੈਂਸਰ ਦੇ ਹੋਰ ਜੋਖਮ ਕਾਰਕ ਰੇਡਾਨ, ਐਸਬੇਸਟਸ, ਕੋਲੇ ਦਾ ਧੂੰਆਂ ਅਤੇ ਹੋਰ ਰਸਾਇਣਾਂ ਦੇ ਸੰਪਰਕ ’ਚ ਰਹਿਣਾ ਹੈ।
ਅੰਕੜਿਆਂ ਦੇ ਆਧਾਰ ’ਤੇ ਡਾ. ਬਤਰਾ ਨੇ ਦੱਸਿਆ ਕਿ ਫੇਫੜੇ ਹੋਣ ਦੀ ਔਸਤ ਉਮਰ 54 ਸਾਲ ਹੈ ਅਤੇ ਫੇਫੜਿਆਂ ਦੇ ਕੈਂਸਰ ਦੇ ਜ਼ਿਆਦਾਤਰ ਰੋਗੀਆਂ ਦੀ ਉਮਰ 65 ਸਾਲ ਤੋਂ ਜ਼ਿਆਦਾ ਹੈ।

ਗਲੋਬੋਕੈਨ ਦੀ ਰਿਪੋਰਟ
2018 ’ਚ ਫੇਫੜਿਆਂ ਦੇ ਕੈਂਸਰ ਦੇ ਭਾਰਤ ’ਚ 67, 795 ਨਵੇਂ ਕੇਸ ਦਰਜ ਹੋਏ। ਇਸ ਦੌਰਾਨ ਫੇਫੜੇ ਦੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 63, 475 ਰਹੀ। ਫੇਫੜੇ ਦੇ ਕੈਂਸਰ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਆਈ. ਸੀ. ਐੱਮ. ਆਰ. ਮੁਤਾਬਕ, ਅਗਲੇ ਚਾਰ ਸਾਲਾਂ ’ਚ ਫੇਫੜੇ ਦੇ ਕੈਂਸਰ ਦੇ ਨਵੇਂ ਮਾਮਲਿਆਂ ਦੀ ਗਿਣਤੀ 1.4 ਲੱਖ ਤੱਕ ਪਹੁੰਚ ਸਕਦੀ ਹੈ। ਡਾ. ਬੱਤਰਾ ਨੇ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਨੂੰ ਰੋਕਣ ਲਈ ਸਭ ਤੋਂ ਅਹਿਮ ਕਾਰਕ ਤੰਬਾਕੂ ਦੇ ਸੰਪਰਕ ਤੋਂ ਬਚਣਾ ਹੋਵੇਗਾ। ਸਿਗਰਟਨੋਸ਼ੀ ਨੂੰ ਛੱਡਣਾ ਬਹੁਤ ਮੁਸ਼ਕਲ ਨਹੀਂ ਹੈ ਅਤੇ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਨੂੰ ਛੱਡਣ ’ਚ ਦੇਰ ਨਹੀਂ ਲੱਗਦੀ।


Inder Prajapati

Content Editor

Related News