ਟੈਂਕਰ ''ਚ ਵੱਜੀ ਸਲੀਪਰ ਬੱਸ, 18 ਲੋਕਾਂ ਦੀ ਮੌਤ, ਚੀਕਾਂ ਦੀ ਆਵਾਜ਼ ਨਾਲ ਗੂੰਜ ਗਿਆ ਪੂਰਾ ਇਲਾਕਾ
Wednesday, Jul 10, 2024 - 07:48 AM (IST)
ਉਨਾਵ : ਉਨਾਵ 'ਚ ਲਖਨਊ ਆਗਰਾ ਐਕਸਪ੍ਰੈੱਸ ਵੇਅ 'ਤੇ ਡਬਲ ਡੇਕਰ ਸਲੀਪਰ ਬੱਸ ਤੇ ਟੈਂਕਰ ਦੀ ਭਿਆਨਕ ਟੱਕਰ ਹੋ ਗਈ। ਹਾਦਸੇ 'ਚ 18 ਲੋਕਾਂ ਦੀ ਮੌਤ ਹੋ ਗਈ। 30 ਲੋਕ ਜ਼ਖਮੀ ਹੋ ਗਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਨੇ ਕਈ ਪਲਟੀਆਂ ਖਾਧੀਆਂ ਤੇ ਟੁੱਕੜੇ-ਟੁੱਕੜੇ ਹੋ ਗਈ।
ਡੀਐੱਮ ਤੇ ਐੱਸ.ਐੱਸ.ਪੀ. ਮੌਕੇ 'ਤੇ ਪਹੁੰਚ ਗਏ ਹਨ। ਜਖਮੀਂਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ ਚੀਕ-ਚਿਹਾੜਾ ਮੱਚ ਗਿਆ। ਚੀਕਾਂ ਦੀ ਆਵਾਜ਼ ਸੁਣ ਨੇੜੇ-ਤੇੜੇ ਦੇ ਲੋਕ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ।
ਹਾਦਸੇ ਪਿੱਛੋਂ ਮੌਕੇ 'ਤੇ ਪਹੁੰਚੇ ਨੇੜੇ-ਤੇੜੇ ਦੇ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਇਲਾਜ ਲਈ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਜਦਕਿ ਬਾਕੀ ਜ਼ਖਮੀਂਆਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚੋਂ ਵੀ ਕੁਝ ਦੀ ਹਾਲਤ ਅੱਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ 2 ਔਰਤਾਂ ਤੇ ਇਕ ਬੱਚਾ ਵੀ ਸ਼ਾਮਲ ਹੈ।
ਹਾਦਸੇ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿਚ ਹਸਪਤਾਲ ਦੇ ਬਾਹਰ ਲਾਸ਼ਾਂ ਹੀ ਲਾਸ਼ਾਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਮਿਲੀ ਹੈ ਕਿ ਬੱਸ ਬਿਹਾਰ ਦੇ ਸੀਵਾਨ ਤੋਂ ਦਿੱਲੀ ਜਾ ਰਹੀ ਸੀ। ਉਨਾਵ 'ਚ ਬਾਂਗਰਮਊ ਨੇੜੇ ਜਦ ਬੱਸ ਪਹੁੰਚੀ ਤਾਂ ਪਿੱਛੋਂ ਆ ਰਹੇ ਤੇਜ ਰਫਤਾਰ ਦੁੱਧ ਨਾਲ ਭਰੇ ਟੈਂਕਰ ਨੇ ਓਵਰਟੇਕ ਕੀਤਾ। ਓਵਰਟੇਕ ਕਰਨ ਦੌਰਾਨ ਬੱਸ ਦਾ ਚਾਲਕ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਸਿੱਧਾ ਟੈਂਕਰ 'ਚ ਜਾ ਵੱਜੀ। ਜਿਸ ਪਿੱਛੋਂ ਬੱਸ ਨੇ ਕਈ ਪਲਟੀਆਂ ਖਾਧੀਆਂ ਤੇ ਬੱਸ ਦੇ ਪਰਖੱਚੇ ਉੱਡ ਗਏ।