ਧੁੰਦ ਕਾਰਨ ਐਕਸਪ੍ਰੈੱਸ ਵੇਅ ''ਤੇ ਸਲੀਪਰ ਬੱਸ ਹੋਈ ਹਾਦਸੇ ਦਾ ਸ਼ਿਕਾਰ, ਇਕ ਬੱਚੇ ਸਮੇਤ 3 ਦੀ ਮੌਤ
Monday, Jan 09, 2023 - 10:37 AM (IST)

ਕੰਨੌਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਠਠੀਆ ਥਾਣਾ ਖੇਤਰ ਦੇ ਪਿਪਰੌਲੀ ਪਿੰਡ ਕੋਲ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਸੰਘਣੀ ਧੁੰਦ ਕਾਰਨ ਤੇਜ਼ ਰਫ਼ਤਾਰ ਨਾਲ ਜਾ ਰਹੀ ਸਪੀਲਰ ਬੱਸ ਬੇਕਾਬੂ ਹੋ ਕੇ ਐਕਸਪ੍ਰੈੱਸ ਵੇਅ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ 'ਚ ਇਕ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ।
ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਆਨੰਦ ਵਿਹਾਰ ਤੋਂ ਸੁਲਤਾਨਪੁਰ ਜਾ ਰਹੀ ਇਕ ਸਲੀਪਰ ਬੱਸ ਐਤਵਾਰ ਦੇਰ ਰਾਤ ਠਠੀਆ ਥਾਣਾ ਖੇਤਰ ਦੇ ਪਿਪਰੌਲੀ ਪਿੰਡ ਕੋਲ ਲਖਨਊ ਆਗਰਾ ਐਕਸਪ੍ਰੈੱਸ ਵੇਅ 'ਤੇ ਸੰਘਣੀ ਧੁੰਦ ਦਰਮਿਆਨ ਬੇਕਾਬੂ ਹੋ ਕੇ ਐਕਸਪ੍ਰੈੱਸ ਵੇਅ ਤੋਂ ਹੇਠਾਂ ਡਿੱਗ ਗਈ। ਹਾਦਸੇ 'ਚ ਰਾਏਬਰੇਲੀ ਦੀ ਰਹਿਣ ਵਾਲੀ ਅਨੀਤਾ ਬਾਜਪੇਈ (50), ਸੰਜਨਾ (25) ਅਤੇ ਦੇਵਾਂਸ਼ (11) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ 18 ਹੋਰ ਲੋਕਾਂ ਨੂੰ ਤਿਰਵਾ ਦੇ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ 'ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਸਵਾਰ ਬਾਕੀ ਲੋਕਾਂ ਨੂੰ ਦੂਜੀ ਬੱਸ ਰਾਹੀਂ ਰਵਾਨਾ ਕੀਤਾ ਗਿਆ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।