ਸੰਸਦ ਮੈਂਬਰਾਂ ਨੂੰ ਆਪਣੀ ਦਿਖ ਸੁਧਾਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ

Wednesday, Jun 27, 2018 - 10:36 AM (IST)

ਸੰਸਦ ਮੈਂਬਰਾਂ ਨੂੰ ਆਪਣੀ ਦਿਖ ਸੁਧਾਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ

ਨਵੀਂ ਦਿੱਲੀ— ਭਾਜਪਾ ਦੇ ਲਗਭਗ 100 ਸੰਸਦ ਮੈਂਬਰਾਂ 'ਤੇ ਲੋਕ ਸਭਾ ਦੀ ਟਿਕਟ ਕੱਟੇ ਜਾਣ ਦਾ ਖਤਰਾ ਮੰਡਰਾ ਰਿਹਾ ਹੈ। ਇਨ੍ਹਾਂ ਵਿਚ ਡੇਢ ਦਰਜਨ ਕੇਂਦਰੀ ਮੰਤਰੀ ਵੀ ਸ਼ਾਮਿਲ ਹਨ। ਪਾਰਟੀ ਦੇ ਵੱਖ-ਵੱਖ ਸੂਬਿਆਂ ਦੇ ਸੰਗਠਨ ਮੰਤਰੀਆਂ ਨੇ ਆਪਣੇ-ਆਪਣੇ ਸੂਬਿਆਂ ਦੇ ਜਾਇਜ਼ੇ ਵਿਚ  ਸੰਸਦ ਮੈਂਬਰਾਂ ਦੇ ਕੰਮਕਾਜ ਤੇ ਜਨਤਾ ਵਿਚ ਲੋਕਪ੍ਰਿਯਤਾ ਦੀ ਕਸੌਟੀ 'ਤੇ ਅੰਕੜਾ ਤਿਆਰ ਕੀਤਾ ਹੈ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਸਥਿਤੀ ਬਿਹਤਰ ਕਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ, ਨਾਲ ਹੀ ਬਦਲਵੇਂ ਉਮੀਦਵਾਰ ਦੀ ਭਾਲ ਵੀ ਕੀਤੀ ਜਾਵੇਗੀ। ਕੇਂਦਰ ਸਰਕਾਰ ਨੇ 4 ਸਾਲ ਪੂਰੇ ਹੁੰਦੇ ਹੀ ਭਾਜਪਾ ਵਿਚ ਹਰ ਲੋਕ ਸਭਾ ਸੀਟ ਦੀ ਸਮੀਖਿਆ ਤੇ ਤਿਆਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਸੰਘ ਦੇ ਸੰਗਠਨ ਦੇ ਫੀਡਬੈਕ, ਨਿੱਜੀ ਏਜੰਸੀਆਂ ਦੇ ਸਰਵੇ ਅਤੇ ਨਮੋ ਐਪ ਨਾਲ ਹਰ ਖੇਤਰ ਤੇ ਹਰ ਸੰਸਦ ਮੈਂਬਰ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਹਾਲ ਹੀ 'ਚ ਸੂਰਜਕੁੰਡ ਵਿਚ ਭਾਜਪਾ ਦੇ ਦੇਸ਼ ਭਰ ਦੇ ਸਾਰੇ ਸੂਬਿਆਂ ਦੇ ਸੰਗਠਨ ਮੰਤਰੀਆਂ ਦੀ ਬੈਠਕ ਵਿਚ ਗੈਰ-ਰਸਮੀ ਵਿਚਾਰ-ਵਟਾਂਦਰੇ ਵਿਚ ਭਾਜਪਾ ਦੇ 104 ਲੋਕ ਸਭਾ ਸੰਸਦ ਮੈਂਬਰਾਂ ਦੀ ਸਥਿਤੀ ਨੂੰ ਕਮਜ਼ੋਰ ਮੰਨਿਆ ਗਿਆ ਹੈ। ਸੰਸਦ ਦੇ ਕੰਮਕਾਜ ਅਤੇ ਜਨਤਾ ਦੀ ਰਾਇ ਨੂੰ ਇਸ ਵਿਚ ਪ੍ਰਮੁੱਖ ਆਧਾਰ ਮੰਨਿਆ ਗਿਆ ਹੈ।
ਵਿਰੋਧੀ ਗਠਜੋੜ ਦੇ ਬਿਨਾਂ ਲਿਆ ਗਿਆ ਹੈ ਜਾਇਜ਼ਾ
ਸੂਤਰਾਂ ਅਨੁਸਾਰ ਇਸ ਵਿਚ ਉੱਤਰ ਪ੍ਰਦੇਸ਼ ਦੇ 19 ਮੈਂਬਰ ਸ਼ਾਮਿਲ ਹਨ, ਇਸ ਤੋਂ ਬਾਅਦ ਰਾਜਸਥਾਨ ਦਾ ਨੰਬਰ ਆਉਂਦਾ ਹੈ। ਬਿਹਾਰ, ਮੱਧ ਪ੍ਰਦੇਸ਼, ਗੁਜਰਾਤ ਤੇ ਕਰਨਾਟਕ ਵਿਚ ਸੰਸਦ ਮੈਂਬਰਾਂ ਦੇ ਪ੍ਰਤੀ ਵੀ ਨਾਰਾਜ਼ਗੀ ਸਾਹਮਣੇ ਆਈ ਹੈ। ਯੂ. ਪੀ. ਤੇ ਬਿਹਾਰ ਵਿਚ ਅਜੇ ਵਿਰੋਧੀ ਗਠਜੋੜ ਨੂੰ ਲੈ ਕੇ ਵਿਚਾਰ ਨਹੀਂ ਕੀਤਾ ਗਿਆ, ਅਜੇ ਸਿਰਫ ਸੰਸਦ ਦੀ ਸਥਿਤੀ 'ਤੇ ਹੀ ਰਾਇ ਤਿਆਰ ਕੀਤੀ ਗਈ ਹੈ।
ਜਨਵਰੀ 'ਚ ਤੈਅ ਹੋਣਗੇ ਉਮੀਦਵਾਰ
ਭਾਜਪਾ ਦੇ ਪ੍ਰਮੁੱਖ ਨੇਤਾ ਨੇ ਕਿਹਾ ਕਿ ਜਿਹੜੇ ਸੰਸਦ ਮੈਂਬਰਾਂ ਦਾ ਰਿਪੋਰਟ ਕਾਰਡ ਖਰਾਬ ਹੈ ਉਨ੍ਹਾਂ ਨੂੰ ਕੰਮਕਾਜ ਸੁਧਾਰਨ ਲਈ 6 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ। ਇਸ ਦੌਰਾਨ ਉਸ ਖੇਤਰ ਵਿਚ ਬਦਲਵੇਂ ਉਮੀਦਵਾਰ ਦਾ ਨਾਂ ਵੀ ਤੈਅ ਕੀਤਾ ਜਾਵੇਗਾ। ਇਸ ਦੌਰਾਨ 2 ਸਰਵੇ ਕਰਵਾਏ ਜਾਣਗੇ। ਆਖਰੀ ਸਰਵੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ।
ਨਮੋ ਐਪ 'ਤੇ ਲਿਆ ਜਾ ਰਿਹਾ ਫੀਡਬੈਕ
ਮੋਦੀ ਵੀ ਨਮੋ ਐਪ 'ਤੇ ਸੰਸਦ ਮੈਂਬਰਾਂ ਦੇ ਕੰਮਕਾਜ ਦੀ ਜਨਤਾ ਤੋਂ ਸਿੱਧੀ ਪ੍ਰਤੀਕਿਰਿਆ ਲੈ ਰਹੇ ਹਨ। ਜਨਤਾ ਤੋਂ ਸੰਸਦ ਮੈਂਬਰਾਂ ਦੇ ਕੰਮਕਾਜ ਦੇ ਨਾਲ ਉਨ੍ਹਾਂ ਦੀ ਲੋਕਪ੍ਰਿਯਤਾ ਤੇ ਖੇਤਰ ਦੇ ਸਭ ਤੋਂ ਲੋਕਪ੍ਰਿਯਾ ਨੇਤਾ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਇਸ ਦਾ ਜਾਇਜ਼ਾ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਲਿਆ ਜਾਵੇਗਾ। ਸੈਸ਼ਨ ਦੌਰਾਨ ਸੰਸਦੀ ਦਲ ਦੀ ਮੀਟਿੰਗ ਵਿਚ ਮੁਲਾਕਾਤ ਕਰ ਕੇ ਵੀ ਪ੍ਰਧਾਨ ਮੰਤਰੀ ਸੰਸਦ ਮੈਂਬਰਾਂ ਨੂੰ ਉਨ੍ਹਾਂ ਦੀ ਸਥਿਤੀ ਤੋਂ ਜਾਣੂ ਕਰਵਾ ਦੇਣਗੇ।


Related News