ਬੰਗਾਲ ’ਚ ਵਾਪਰਿਆ ਹਾਦਸਾ; ਨਹਿਰ ’ਚ ਡਿੱਗੀ ਬੱਸ, 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ

09/23/2021 1:19:30 PM

ਰਾਏਗੰਜ (ਭਾਸ਼ਾ)— ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿਚ ਇਕ ਬੱਸ ਦੇ ਨਹਿਰ ਵਿਚ ਡਿੱਗਣ ਨਾਲ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਵਾਪਰੀ। ਪੱਛਮੀ ਬੰਗਾਲ ਅਤੇ ਝਾਰਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 20 ਮਜ਼ਦੂਰਾਂ ਨੂੰ ਲੈ ਕੇ ਬੱਸ ਉੱਤਰ ਪ੍ਰਦੇਸ਼ ਵਿਚ ਲਖਨਊ ਵੱਲ ਜਾ ਰਹੀ ਸੀ। ਪੁਲਸ ਮੁਤਾਬਕ ਰਾਏਗੰਜ ਪੁਲਸ ਥਾਣਾ ਇਲਾਕੇ ਵਿਚ ਰੂਪਾਹਾਰ ’ਚ ਰਾਸ਼ਟਰੀ ਹਾਈਵੇਅ-34 ’ਤੇ ਬੱਸ ਨਹਿਰ ’ਚ ਡਿੱਗ ਗਈ। ਘਟਨਾ ਵਿਚ ਦੋ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਰਾਏਗੰਜ ਮੈਡੀਕਲ ਕਾਲਜ ਐਂਡ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਸ ਨੇ ਦੱਸਿਆ ਕਿ ਉਹ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਭਾਲ ਕਰ ਰਹੀ ਹੈ ਕਿ ਅਜੇ ਵੀ ਕੋਈ ਲਾਪਤਾ ਹੈ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਪ੍ਰਵਾਸੀ ਮਜ਼ਦੂਰ ਆਪਣੇ-ਆਪਣੇ ਘਰ ਪਰਤ ਆਏ ਸਨ। ਹੁਣ ਉਹ ਕੋਵਿਡ-19 ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਵਾਪਸ ਆਪਣੇ ਕੰਮਾਂ ਵਾਲੀਆਂ ਥਾਵਾਂ ’ਤੇ ਜਾ ਰਹੇ ਸਨ। ਝਾਰਖੰਡ ਤੋਂ ਕੁਝ ਮਜ਼ਦੂਰਾਂ ਨੂੰ ਲੈਣ ਮਗਰੋਂ ਬੱਸ ਪੱਛਮੀ ਬੰਗਾਲ ਵਿਚ ਰਹਿ ਰਹੇ ਮਜ਼ਦੂਰਾਂ ਨੂੰ ਲੈਣ ਆਈ, ਜਦੋਂ ਘਟਨਾ ਵਾਪਰੀ ਤਾਂ ਬੱਸ ਲਖਨਊ ਵੱਲ ਜਾ ਰਹੀ ਸੀ। 


Tanu

Content Editor

Related News