ਗੱਲਬਾਤ ਅਸਫ਼ਲ ਹੋਣ ’ਤੇ ਰੱਖਿਆ ਮਾਹਰ ਬੋਲੇ- LAC ’ਤੇ ਸਥਿਤੀ ਨਾਜ਼ੁਕ, ਚੀਨ ਨੇ ਸਥਾਈ ਦੁਸ਼ਮਣੀ ਰੱਖੀ
Monday, Jan 24, 2022 - 09:59 AM (IST)

ਨਵੀਂ ਦਿੱਲੀ (ਭਾਸ਼ਾ)- ਪੂਰਬੀ ਲੱਦਾਖ ਵਿਚ ਅਸਲੀ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸਰਹੱਦੀ ਵਿਵਾਦ ਨੂੰ ਲੈ ਕੇ ਜਾਰੀ ਅੜਿੱਕੇ ਨੂੰ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਦਰਮਿਆਨ 14ਵੇਂ ਦੌਰ ਦੀ ਕਮਾਂਡਰ ਪੱਧਰ ਦੀ ਗੱਲਬਾਤ ਵੀ ਬੇਨਤੀਜਾ ਰਹਿਣ ਤੋਂ ਬਾਅਦ ਭਾਰਤ ਦੇ ਪ੍ਰਮੁੱਖ ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਸਥਿਤੀ ਅਜੇ ‘ਨਾਜ਼ੁਕ’ ਬਣੀ ਹੋਈ ਹੈ ਕਿਉਂਕਿ ਚੀਨ ਨੇ ਐੱਲ. ਏ. ਸੀ. ਨੂੰ ‘ਤਣਾਅਗ੍ਰਸਤ ਸਰਹੱਦ’ ਬਣਾਈ ਰੱਖਣ ਸਮੇਤ ਭਾਰਤ ਨਾਲ ਸਥਾਈ ਦੁਸ਼ਮਣੀ ਰੱਖਣ ਦਾ ਬੀੜਾ ਚੁੱਕ ਰੱਖਿਆ ਹੈ।
ਰੱਖਿਆ ਮਾਹਰ ਸੀ. ਉਦੈ ਭਾਸਕਰ ਨੇ ਕਿਹਾ ਕਿ ਪੂਰਬੀ ਲੱਦਾਖ ਵਿਚ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੀ. ਐੱਲ. ਏ. (ਪੀਪਲਜ਼ ਲਿਬਰੇਸ਼ਨ ਆਰਮੀ) ਭਾਰਤ ਦੇ ਦਾਅਵੇ ਵਾਲੀ ਸਰਹੱਦੀ ਰੇਖਾ ਦੇ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ। ਇਸ ਲਿਹਾਜ਼ ਨਾਲ ਗਲਵਾਨ ਵਾਦੀ ਦੀ ਘਟਨਾ ਤੋਂ ਬਾਅਦ ਭਾਰਤ ਘੱਟ ਅਨੁਕੂਲ ਸਥਿਤੀ ਵਿਚ ਹੈ। ਆਪਸੀ ਮਨਜ਼ੂਰਸ਼ੁਦਾ ਹੱਲ ਨਾ ਹੋਣ ਤੱਕ ਭਾਰਤ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਇਹ ਪੁੱਛਣ ’ਤੇ ਭਾਸਕਰ ਨੇ ਕਿਹਾ ਕਿ ਪੀ. ਐੱਲ. ਏ. ਨੂੰ ਭਵਿੱਖ ਵਿਚ ਇਸ ਤਰ੍ਹਾਂ ਦੀ ਉਲੰਘਣਾ ਤੋਂ ਰੋਕਣ ਲਈ ਭਾਰਤ ਦਾ ਆਪਣੀ ਫ਼ੌਜੀ ਸਮਰੱਥਾ ਵਿਚ ਵਾਧਾ ਕਰਨਾ ਹੀ ਬਿਹਤਰ ਹੋਵੇਗਾ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਸਾਲ 2020 ਦੇ ਅਪ੍ਰੈਲ ਵਿਚ ਸਰਹੱਦੀ ਵਿਵਾਦ ਨੂੰ ਲੈ ਕੇ ਸ਼ੁਰੂ ਹੋਇਆ ਅੜਿੱਕਾ ਅਜੇ ਵੀ ਬਰਕਰਾਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ