LAC ''ਤੇ ਸਥਿਤੀ ''ਤਣਾਅਪੂਰਨ'', ਇਸ ਲਈ ਫ਼ੌਜ ਨੂੰ ਚੌਕਸ ਰਹਿਣ ਦੀ ਲੋੜ : ਰਾਜਨਾਥ ਸਿੰਘ

Wednesday, Apr 19, 2023 - 04:44 PM (IST)

LAC ''ਤੇ ਸਥਿਤੀ ''ਤਣਾਅਪੂਰਨ'', ਇਸ ਲਈ ਫ਼ੌਜ ਨੂੰ ਚੌਕਸ ਰਹਿਣ ਦੀ ਲੋੜ : ਰਾਜਨਾਥ ਸਿੰਘ

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਥਲ ਸੈਨਾ ਨੂੰ ਕਿਹਾ ਕਿ ਉਹ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸਖ਼ਤ ਨਿਗਰਾਨੀ ਰੱਖੇ, ਕਿਉਂਕਿ ਚੀਨੀ ਫ਼ੌਜੀਆਂ ਦੀ ਤਾਇਨਾਤੀ ਨੂੰ ਦੇਖਦੇ ਹੋਏ ਉੱਤਰੀ ਖੇਤਰ 'ਚ ਸਥਿਤੀ 'ਤਣਾਅਪੂਰਨ' ਬਣੀ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਫ਼ੌਜ ਕਮਾਂਡਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਿੰਘ ਨੇ ਬਿਨਾਂ ਕਿਸੇ ਵਿਸ਼ੇਸ਼ ਸੰਦਰਭ ਦਾ ਜ਼ਿਕਰ ਕਰਦੇ ਹੋਏ ਹਥਿਆਰਬੰਦ ਫ਼ੋਰਸਾਂ ਨੂੰ ਤਾਕੀਦ ਕੀਤੀ ਕਿ ਉਹ ਦੁਨੀਆ ਭਰ ਵਿਚ ਹੋ ਰਹੀਆਂ ਭੂ-ਰਾਜਨੀਤਿਕ ਤਬਦੀਲੀਆਂ 'ਤੇ ਗੌਰ ਕਰਨ ਅਤੇ ਆਪਣੀਆਂ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਉਸ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਨ। ਸੂਤਰਾਂ ਮੁਤਾਬਕ ਉਨ੍ਹਾਂ ਨੇ ਕਿਹਾ,"ਉੱਤਰੀ ਖੇਤਰ 'ਚ ਪੀ.ਐੱਲ.ਏ. (ਚੀਨੀ) ਦੇ ਸੈਨਿਕਾਂ ਦੀ ਤਾਇਨਾਤੀ ਕਾਰਨ ਸਥਿਤੀ ਤਣਾਅਪੂਰਨ ਹੈ। ਸਾਡੀਆਂ ਹਥਿਆਰਬੰਦ ਫ਼ੋਰਸਾਂ, ਖ਼ਾਸ ਕਰਕੇ ਭਾਰਤੀ ਫ਼ੌਜ ਨੂੰ ਐੱਲ.ਏ.ਸੀ. ਦੀ ਸੁਰੱਖਿਆ ਲਈ ਲਗਾਤਾਰ ਚੌਕਸ ਰਹਿਣਾ ਹੋਵੇਗਾ।" ਰੱਖਿਆ ਮੰਤਰੀ ਦੀ ਇਹ ਟਿੱਪਣੀ ਪੂਰਬੀ ਲੱਦਾਖ ਵਿਚ ਤਿੰਨ ਸਾਲਾਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਦੇ ਪਿਛੋਕੜ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਰਕਾਰ ਦੀ 'ਸਭ ਤੋਂ ਵੱਡੀ ਤਰਜੀਹ' ਹੈ।

ਰਾਜਨਾਥ ਨੇ ਕਿਹਾ,''ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਹੱਦ 'ਤੇ ਤਾਇਨਾਤ ਹਰ ਫ਼ੌਜੀ ਨੂੰ ਅਤਿ-ਆਧੁਨਿਕ ਹਥਿਆਰ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਕੋਸ਼ਿਸ਼ ਹੈ।'' ਫੌਜ ਦੇ ਕਮਾਂਡਰਾਂ ਦਾ 5 ਦਿਨਾ ਸੰਮੇਲਨ ਸੋਮਵਾਰ ਨੂੰ ਦਿੱਲੀ 'ਚ ਸ਼ੁਰੂ ਹੋਈ। ਇਸ 'ਚ ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਅਤੇ ਫ਼ੋਰਸ ਦੀ ਲੜਾਕੂ ਸਮਰੱਥਾ ਨੂੰ ਵਧਾਉਣ ਦੇ ਤਰੀਕਿਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਸਿੰਘ ਨੇ ਕਿਹਾ ਕਿ ਉੱਥੇ ਸ਼ਾਂਤੀ ਅਤੇ ਸਥਿਰਤਾ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦੀ ਗਤੀਵਿਧੀਆਂ ਦੀ ਗਿਣਤੀ 'ਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ,"ਉੱਤਰ-ਪੂਰਬੀ ਰਾਜਾਂ ਵਿਚ ਵੀ, ਭਾਰਤੀ ਫ਼ੌਜ ਵਲੋਂ ਚਲਾਈਆਂ ਗਈਆਂ ਮੁਹਿੰਮਾਂ ਤੋਂ ਬਾਅਦ ਅੰਦਰੂਨੀ ਸੁਰੱਖਿਆ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ।"


author

DIsha

Content Editor

Related News