ਤਾਲਿਬਾਨ ਹਮਲਿਆਂ ਨਾਲ ਅਫਗਾਨਿਸਤਾਨ ’ਚ ਵਿਗੜੇ ਹਾਲਾਤ, ਭਾਰਤ ਤੋਂ ਮੰਗੀ ਮਦਦ
Thursday, Aug 05, 2021 - 01:36 PM (IST)
ਨਵੀਂ ਦਿੱਲੀ (ਵਿਸ਼ੇਸ਼)- ਅਮਰੀਕਾ ਵਲੋਂ ਆਪਣੀ ਫੌਜ ਵਾਪਸ ਸੱਦਣ ਤੋਂ ਬਾਅਦ ਤੋਂ ਅਫਗਾਨਿਸਤਾਨ ਵਿਚ ਤਾਲਿਬਾਨੀਆਂ ਨੇ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਕਈ ਹਿੱਸਿਆਂ ’ਤੇ ਕਬਜ਼ਾ ਕਰ ਲਿਆ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਵਿਚ ਭਿਆਨਕ ਲੜਾਈ ਜਾਰੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਲੜਾਈ ਵਿਚ ਘੱਟ ਤੋਂ ਘੱਟ 40 ਨਾਗਰਿਕ ਮਾਰੇ ਗਏ ਹਨ। ਫੌਜ ਨੇ ਅਫਗਾਨ ਨਾਗਰਿਕਾਂ ਨੂੰ ਸ਼ਹਿਰ ਖਾਲੀ ਕਰਨ ਦੀ ਬੇਨਤੀ ਕੀਤੀ ਹੈ।
ਤਾਲਿਬਾਨੀਆਂ ਅਤੇ ਵਿਦੇਸ਼ੀ ਅੱਤਵਾਦੀ ਸਮੂਹਾਂ ਦੇ ਤੇਜ਼ ਹੁੰਦੇ ਹਮਲਿਆਂ ਅਤੇ ਭਿਆਨਕ ਸਥਿਤੀ ਦਰਮਿਆਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਹਨੀਫ ਅਤਮਾਰ ਨੇ ਆਪਣੇ ਭਾਰਤੀ ਹਮਅਹੁਦਾ ਐੱਸ. ਜੈਸ਼ੰਕਰ ਨਾਲ ਗੱਲ ਕਰ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸੈਸ਼ਨ ਸੱਦਣ ਦਾ ਸੱਦਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ। ਆਪਣੇ ਬਿਆਨ ਵਿਚ ਅਤਮਾਰ ਨੇ ਕਿਹਾ ਹੈ ਕਿ ਵਿਦੇਸ਼ੀ ਲੜਾਕਿਆਂ ਅਤੇ ਅੱਤਵਾਦੀ ਸਮੂਹਾਂ ਨਾਲ ਮਿਲੀਭੁਗਤ ਨਾਲ ਅਫਗਾਨਿਸਤਾਨ ’ਤੇ ਕੀਤੇ ਜਾ ਰਹੇ ਤਾਲਿਬਾਨ ਦੇ ਹਮਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।
ਭਾਰਤ ਨੇ ਪ੍ਰਗਟਾਈ ਚਿੰਤਾ
ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲਾ ਮੁਤਾਬਕ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਫਗਾਨਿਸਤਾਨ ਵਿਚ ਵਧਦੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਭਾਰਤ ਦੀ ਚਿੰਤਾ ਨੂੰ ਪ੍ਰਗਟ ਕੀਤਾ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤ ਅਫਗਾਨਿਸਤਾਨ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਕਈ ਕਦਮ ਚੁੱਕ ਚੁੱਕਾ ਹੈ। ਭਾਰਤ ਨੇ ਅਫਗਾਨਿਸਤਾਨ ਵਿਚ ਮੁੜ ਉਸਾਰੀ ਲਈ 3 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕੀਤਾ ਹੈ।
ਰਾਜਧਾਨੀ ਲਸ਼ਕਰਗਾਹ ’ਤੇ 700 ਹਮਲੇ
ਜ਼ਿਆਦਾਤਰ ਅਫਗਾਨਿਸਤਾਨ ਦੇ ਪੇਂਡੂ ਇਲਾਕਿਆਂ ’ਤੇ ਕਬਜ਼ਾ ਕਰ ਚੁੱਕੇ ਤਾਲਿਬਾਨ ਨੇ ਹੁਣ ਸੂਬਾਈ ਰਾਜਧਾਨੀਆਂ ’ਤੇ ਕਬਜ਼ਾ ਕਰਨ ’ਤੇ ਧਿਆਨ ਕੇਂਦਰਿਤ ਕਰ ਦਿੱਤਾ, ਜਿੱਥੇ ਉਨ੍ਹਾਂ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰਗਾਹ ਲਈ ਲੜਾਈ ਜਾਰੀ ਹੈ ਅਤੇ ਤਾਲਿਬਾਨ ਇਸ ਥਾਂ ’ਤੇ 700 ਦੇ ਕਰੀਬ ਹਮਲੇ ਕਰ ਚੁੱਕਾ ਹੈ। ਇਨ੍ਹਾਂ ਹਮਲਿਆਂ ਵਿਚ 40 ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ 215 ਮਾਈਵੰਡ ਅਫਗਾਨ ਫੌਜ ਕੋਰ ਦੇ ਕਮਾਂਡਰ ਜਨਰਲ ਸਾਮੀ ਸਾਦਾਤ ਨੇ ਰਾਜਧਾਨੀ ਲਸ਼ਕਰਗਾਹ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਜਿੰਨੀ ਜਲਦੀ ਹੋ ਸਕੇ ਸ਼ਹਿਰ ਤੋਂ ਬਾਹਰ ਨਿਕਲ ਜਾਣ ਤਾਂ ਜੋ ਅਸੀਂ ਆਪਣਾ ਆਪ੍ਰੇਸ਼ਨ ਸ਼ੁਰੂ ਕਰ ਸਕੀਏ।
2 ਮਹੀਨਿਆਂ ਵਿਚ 80,000 ਬੱਚੇ ਕੱਢੇ
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਹਮਲਿਆਂ ਦੇ ਮੱਦੇਨਜ਼ਰ ਜੂਨ ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ 80,000 ਬੱਚਿਆਂ ਨੂੰ ਇਥੋਂ ਕੱਢਿਆ ਜਾ ਚੁੱਕਾ ਹੈ। ਮਨੁੱਖੀ ਸੰਗਠਨ ਸੇਵ ਦਿ ਚਿਲਡਰਨ ਨੇ ਕਿਹਾ ਹੈ ਕਿ ਤਾਲਿਬਾਨ ਹਮਲਿਆਂ ਵਿਚ ਕਈ ਸਕੂਲਾਂ ਅਤੇ ਸਿਹਤ ਸਹੂਲਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਚੋਟੀ ਦੇ ਅਮਰੀਕੀ ਡਿਪਲੋਮੈਟ ਐਂਟਨੀ ਬਲਿੰਕਨ ਤਾਲਿਬਾਨ ਨੇਤਾਵਾਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਹਿ ਚੁੱਕੇ ਹਨ ਕਿ ਇਕ ਲੋਕਤਾਂਤਰਿਕ, ਸਮਾਵੇਸ਼ੀ ਸਰਕਾਰ ਤੋਂ ਬਿਨਾਂ ਅਫਗਾਨਿਸਤਾਨ ਇਕ ‘ਮਾੜਾ ਮੁਲਕ’ ਹੋਵੇਗਾ ਅਤੇ ਸਮੂਹ ਜੋ ਕੌਮਾਂਤਰੀ ਮਾਨਤਾ ਚਾਹੁੰਦਾ ਹੈ ਉਹ ਸੰਭਵ ਨਹੀਂ ਹੋਵੇਗਾ।
ਜਵਾਬੀ ਹਮਲਿਆਂ ਵਿਚ ਸੈਂਕੜੇ ਤਾਲਿਬਾਨੀ ਮਾਰੇ ਗਏ
ਅਫਗਾਨਿਸਤਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵੱਖ-ਵੱਖ ਸੂਬਿਆਂ ਵਿਚ ਫੌਜੀ ਮੁਹਿੰਮ ਚਲਾਈ ਗਈ ਹੈ ਜਿਸ ਵਿਚ ਤਾਲਿਬਾਨ ਲੜਾਕਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਮੀਨੀ ਅਤੇ ਹਵਾਈ ਮੁਹਿੰਮਾਂ ਦੇ ਨਤੀਜ ਵਜੋਂ ਸੈਂਕੜੇ ਤਾਲਿਬਾਨੀ ਲੜਾਕੇ ਮਾਰੇ ਗਏ ਹਨ। ਮੌਜੂਦਾ ਸਮੇਂ ਵਿਚ ਨੂਰਿਸਤਾਨ, ਲੋਗਰ, ਕੰਧਾਰ, ਓਰੂਜਗਨ, ਹੇਰਾਤ, ਜਵਾਜਾਨ, ਬਲਖ, ਸਮਾਂਗਨ, ਹੇਲਮੰਦ, ਕਪਿਸਾ ਅਤੇ ਬਗਲਾਨ ਸੂਬਿਆਂ ਵਿਚ ਆਪ੍ਰੇਸ਼ਨ ਜਾਰੀ ਹੈ। ਜ਼ਿਕਰਯੋਗ ਹੈ ਕਿ ਹੇਲਮੰਦ ਸੂਬੇ ਦਾ ਲਸ਼ਕਰਗਾਹ ਸ਼ਹਿਰ ਹਮੇਸ਼ਾ ਤੋਂ ਅਫਗਾਨਿਸਤਾਨ ਨੈਸ਼ਨਲ ਡਿਫੈਂਸ ਐਂਡ ਸਕਿਓਰਿਟੀ ਫੋਰਸ ਵਿਚਾਲੇ ਜੰਗ ਦਾ ਮੈਦਾਨ ਰਿਹਾ ਹੈ।