ਅੰਬਾਲਾ ''ਚ ਭਾਜਪਾ ਨੇਤਾ ਦੇ ਪੁੱਤ ਦੀ ਸ਼ੱਕੀ ਹਾਲਤ ''ਚ ਮੌਤ, SIT ਕਰੇਗੀ ਜਾਂਚ
Thursday, Jun 01, 2023 - 11:24 AM (IST)
ਅੰਬਾਲਾ (ਭਾਸ਼ਾ)- ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਅੰਬਾਲਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਨੇਤਾ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕਰਨ ਦਾ ਨਿਰਦੇਸ਼ ਦਿੱਤਾ। ਪੁਲਸ ਨੇ ਕਿਹਾ ਕਿ ਪਰਵਿੰਦਰ ਸਿੰਘ ਦੀ ਲਾਸ਼ ਉਨ੍ਹਾਂ ਦੀ ਕਾਰ 'ਚ ਅੰਬਾਲਾ ਸ਼ਹਿਰ ਦੇ ਭਨੋਖੇੜੀ ਪਿੰਡ ਕੋਲ ਅੰਬਾਲਾ-ਹਿਸਾਰ ਰਾਜਮਾਰਗ ਦੇ ਕਿਨਾਰੇ ਮਿਲਿਆ ਸੀ। ਪੁਲਸ ਨੇ ਕਿਹਾ ਕਿ ਸਿੰਘ ਦਾ ਸਿਰ ਧੜ ਨਾਲੋਂ ਵੱਖ ਮਿਲਿਆ ਸੀ। ਪੁਲਸ ਨੇ ਕਿਹਾ ਕਿ ਸ਼ੁੱਕਰਵਾਰ ਰਾਤ ਪਰਵਿੰਦਰ ਸਿੰਘ ਦੀ ਕਾਰ ਉੱਥੇ ਖੜੇ ਇਕ ਦਰੱਖਤ ਨਾਲ ਟਕਰਾ ਕੇ ਸੜਕ ਕਿਨਾਰੇ ਖੇਤ 'ਚ ਆ ਕੇ ਰੁਕੀ ਮਿਲੀ।
ਅਧਿਕਾਰੀਆਂ ਅਨੁਸਾਰ, ਪ੍ਰਾਪਰਟੀ ਅਤੇ ਪੁਰਾਣੀ ਕਾਰ ਦੇ ਡੀਲਰ ਸਿੰਘ ਭਾਜਪਾ ਕਿਸਾਨ ਮੋਰਚਾ ਸਾਹਿਬ ਸਿੰਘ ਮੋਹਾਰੀ ਦੇ ਪੁੱਤ ਸਨ। ਭਾਜਪਾ ਨੇਤਾ ਦੇ ਪਰਿਵਾਰ ਵਲੋਂ ਪਰਵਿੰਦਰ ਸਿੰਘ ਦੇ ਕਤਲ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਵਿਜ ਨੇ ਬੁੱਧਵਾਰ ਸ਼ਾਮ ਮੋਹਾਰੀ ਦੇ ਘਰ ਦਾ ਦੌਰਾ ਕੀਤਾ ਅਤੇ ਸਦਰ ਥਾਣੇ ਦੇ ਐੱਸ.ਐੱਚ.ਓ. ਯਸ਼ਦੀਪ ਸਿੰਘ ਨਾਲ ਘਟਨਾ ਬਾਰੇ ਗੱਲ ਕੀਤੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਐੱਸ.ਐੱਚ.ਓ. ਤੋਂ ਇਹ ਜਾਂਚ ਕਰਨ ਲਈ ਕਿਹਾ ਕਿ ਇਸ ਘਟਨਾ 'ਚ ਪਰਵਿੰਦਰ ਸਿੰਘ ਦੀ ਗਰਦਨ ਕਿਵੇਂ ਵੱਢੀ ਗਈ। ਅਧਿਕਾਰੀਆਂ ਨੇ ਕਿਹਾ ਕਿ ਇਕ ਪੁਲਸ ਡਿਪਟੀ ਸੁਪਰਡੈਂਟ ਦੀ ਅਗਵਾਈ 'ਚ ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਜਾਂਚ ਕਰੇਗਾ।