ਕਟਹਲ ਦੀ ਸਬਜ਼ੀ ਖਾਣ ਮਗਰੋਂ ਦੋ ਸਕੀਆਂ ਭੈਣਾਂ ਦੀ ਮੌਤ
Sunday, Jul 06, 2025 - 03:36 PM (IST)
 
            
            ਛਪਰਾ- ਬਿਹਾਰ ਦੇ ਸਾਰਣ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਸਾਰਣ ਜ਼ਿਲ੍ਹੇ ਦੇ ਬਨਿਆਪੁਰ ਥਾਣਾ ਖੇਤਰ 'ਚ ਕਟਹਲ (ਜੈਕਫਰੂਟ) ਖਾਣ ਮਗਰੋਂ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਪਿੰਡ ਵਿਚ ਸੋਗ ਦਾ ਮਾਹੌਲ ਹੈ। ਪੁਲਸ ਸੂਤਰਾਂ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਰਾਮਧਨਾਵ ਪਿੰਡ ਵਾਸੀ ਰਾਕੇਸ਼ ਮਹਤੋ ਦੀ ਪੁੱਤਰੀ ਮੁਸਕਾਨ ਕੁਮਾਰੀ (10) ਅਤੇ ਨਿਸ਼ੂ ਕੁਮਾਰੀ (7) ਨੇ ਕਟਹਲ ਦੀ ਸਬਜ਼ੀ ਖਾਧੀ ਸੀ। ਖਾਣਾ ਖਾਣ ਤੋਂ ਬਾਅਦ ਦੋਵਾਂ ਦੀ ਸਿਹਤ ਵਿਗੜਨ ਲੱਗੀ। ਉਨ੍ਹਾਂ ਨੂੰ ਉਲਟੀਆਂ ਹੋਣ ਲੱਗੀਆਂ।
ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪਰਿਵਾਰਕ ਮੈਂਬਰ ਦੋਵਾਂ ਨੂੰ ਇਲਾਜ ਲਈ ਸਦਰ ਹਸਪਤਾਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸਟੀਕ ਕਾਰਨ ਦਾ ਖੁਲਾਸਾ ਹੋ ਸਕੇਗਾ। ਸਥਾਨਕ ਪੁਲਸ ਅਤੇ ਖੁਰਾਕ ਸੁਰੱਖਿਆ ਵਿਭਾਗ ਨੇ ਘਟਨਾ ਵਾਲੀ ਥਾਂ ਤੋਂ ਖਾਣ ਦੇ ਨਮੂਨੇ ਇਕੱਠੇ ਕਰ ਲਏ ਹਨ।
ਸਥਾਨਕ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਤੌਰ 'ਤੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਟਹਲ 'ਚ ਕੋਈ ਜ਼ਹਿਰੀਲਾ ਤੱਤ ਹੋ ਸਕਦਾ ਹੈ ਜਾਂ ਕਟਹਲ ਪੁਰਾਣਾ ਅਤੇ ਸੜਿਆ ਹੋ ਸਕਦਾ, ਜਿਸ ਕਾਰਨ ਇਹ ਖ਼ਤਰਨਾਕ ਸਾਬਤ ਹੋਇਆ। ਇਹ ਘਟਨਾ ਦਰਦਨਾਕ ਹੈ ਅਤੇ ਇਹ ਸਾਵਧਾਨੀ ਦੀ ਲੋੜ ਨੂੰ ਦਰਸਾਉਂਦੀ ਹੈ। ਜਨਤਾ ਨੂੰ ਸਾਵਧਾਨ ਰਹਿਣ ਅਤੇ ਖਾਣ ਵਾਲੀਆਂ ਚੀਜ਼ਾਂ ਦੀ ਪੂਰੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                            