ਕਤਰ ਤੋਂ ਰਿਹਾਅ ਹੋਏ ਸਾਬਕਾ ਜਲ ਸੈਨਾ ਅਧਿਕਾਰੀ ਦੀ ਭੈਣ ਨੇ ਮੋਦੀ ਸਰਕਾਰ ਦਾ ਕੀਤਾ ਧੰਨਵਾਦ

Monday, Feb 12, 2024 - 04:58 PM (IST)

ਗਵਾਲੀਅਰ (ਭਾਸ਼ਾ)- ਕਤਰ ਵਲੋਂ ਸੋਮਵਾਰ ਨੂੰ ਰਿਹਾਅ ਕੀਤੇ ਗਏ ਭਾਰਤੀ ਜਲ ਸੈਨਾ ਦੇ 8 ਸਾਬਕਾ ਕਰਮਚਾਰੀਆਂ ਵਿਚੋਂ ਇਕ ਦੀ ਭੈਣ ਨੇ ਉਨ੍ਹਾਂ ਦੀ ਰਿਹਾਈ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਲਈ ਭਾਰਤ ਸਰਕਾਰ ਅਤੇ ਕਤਰ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਕਮਾਂਡਰ (ਸੇਵਾਮੁਕਤ) ਪੂਰਨੇਂਦੂ ਤਿਵਾਰੀ ਦੀ ਭੈਣ ਡਾਕਟਰ ਮੀਟੂ ਭਾਰਗਵ ਨੇ ਕਿਹਾ ਕਿ ਉਨ੍ਹਾਂ ਨੇ ਇਸ ਤਣਾਅ ਭਰੇ ਸਮੇਂ ਦੌਰਾਨ ਹੌਂਸਲਾ ਬਣਾਈ ਰੱਖਿਆ ਅਤੇ ਜੇਕਰ ਉਹ ਵੀ ਦੇਸ਼ ਪਰਤ ਆਉਂਦੇ ਤਾਂ ਉਨ੍ਹਾਂ ਨੂੰ ਵਧੇਰੇ ਖੁਸ਼ੀ ਹੁੰਦੀ। ਤਿਵਾਰੀ ਅਜੇ ਭਾਰਤ ਨਹੀਂ ਪਹੁੰਚੇ ਹਨ। ਭਾਰਗਵ ਨੇ ਕਿਹਾ ਕਿ ਉਹ ਜਲਦੀ ਹੀ ਵਾਪਸ ਆ ਜਾਣਗੇ। ਕਤਰ ਨੇ ਜੇਲ੍ਹ ਵਿੱਚ ਬੰਦ ਭਾਰਤੀ ਜਲ ਸੈਨਾ ਦੇ 8 ਸਾਬਕਾ ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ 46 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਵੱਖ-ਵੱਖ ਸਮੇਂ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ 7 ਸੋਮਵਾਰ ਤੜਕੇ ਵਤਨ ਪਰਤੇ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ਨੇ ਰਿਹਾਅ ਕੀਤੇ 8 ਭਾਰਤੀ ਨਾਗਰਿਕ; ਸੁਣਾਈ ਗਈ ਸੀ ਮੌਤ ਦੀ ਸਜ਼ਾ

ਇਨ੍ਹਾਂ ਸਾਬਕਾ ਜਲ ਸੈਨਾ ਦੇ ਅਧਿਕਾਰੀਆਂ 'ਤੇ ਜਾਸੂਸੀ ਦੇ ਦੋਸ਼ ਲਾਏ ਗਏ ਸਨ ਪਰ ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤ ਸਰਕਾਰ ਨੇ ਉਨ੍ਹਾਂ 'ਤੇ ਲੱਗੇ ਦੋਸ਼ਾਂ ਨੂੰ ਜਨਤਕ ਕੀਤਾ। ਵਿਦੇਸ਼ ਮੰਤਰਾਲਾ (MEA) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਅਗਸਤ 2022 ਵਿੱਚ ਗ੍ਰਿਫ਼ਤਾਰ ਭਾਰਤੀਆਂ ਦੀ ਰਿਹਾਈ ਅਤੇ ਵਤਨ ਵਾਪਸੀ ਨੂੰ ਸੰਭਵ ਬਣਾਉਣ ਲਈ ਕਤਰ ਦੇ ਅਮੀਰ ਦੇ ਫੈਸਲੇ ਦੀ ਸ਼ਲਾਘਾ ਕਰਦਾ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਵਸਨੀਕ ਭਾਰਗਵ ਨੇ ਕਿਹਾ, "ਸਰਕਾਰ ਦੇ ਯਤਨਾਂ ਨਾਲ, ਸਾਰੇ 8 ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿੱਚੋਂ 7 ਭਾਰਤ ਆ ਗਏ ਹਨ। ਮੈਂ ਇਸ ਨਾਲ ਬਹੁਤ ਖੁਸ਼ ਹਾਂ।" ਭਾਰਗਵ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਭਰਾ ਵੀ ਉਨ੍ਹਾਂ ਦੇ ਨਾਲ ਵਾਪਸ ਆ ਜਾਂਦਾ ਤਾਂ ਉਨ੍ਹਾਂ ਜ਼ਿਆਦਾ ਖੁਸ਼ ਹੁੰਦੀ। ਉਨ੍ਹਾਂ ਕਿਹਾ, 'ਪਰ ਮੈਂ ਹੁਣ ਉਸਦੇ ਲਈ ਖੁਸ਼ ਹਾਂ। ਅਸੀਂ ਉਸ ਨਾਲ ਗੱਲ ਵੀ ਕੀਤੀ ਹੈ। ਉਹ ਦੂਤਘਰ ਵਿੱਚ ਠੀਕ ਹੈ ਅਤੇ ਦੋਹਾ ਸਥਿਤ ਆਪਣੇ ਘਰ ਵਾਪਸ ਚਲੇ ਗਏ ਹਨ। ਮੈਨੂੰ ਪਤਾ ਲੱਗਾ ਕਿ ਉਹ ਜਲਦੀ ਹੀ ਆਉਣਗੇ ਅਤੇ ਜਦੋਂ ਉਹ ਵਾਪਸ ਆਉਣਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ।' ਭਾਰਗਵ ਨੇ ਸਾਬਕਾ ਜਲ ਸੈਨਾ ਕਰਮਚਾਰੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕਤਰ ਦੇ ਅਮੀਰ ਦਾ ਧੰਨਵਾਦ ਕੀਤਾ।

 ਇਹ ਵੀ ਪੜ੍ਹੋ: ਬਲਾਤਕਾਰੀਆਂ ਦੀ ਹੁਣ ਖੈਰ ਨਹੀਂ, ਪਾਸ ਹੋਇਆ ਅਹਿਮ ਕਾਨੂੰਨ, ਦੋਸ਼ੀਆਂ ਨੂੰ ਮਿਲੇਗੀ ਇਹ ਸਜ਼ਾ

ਭਾਰਤ ਪਰਤਣ ਵਾਲੇ 7 ਨਾਗਰਿਕਾਂ ਵਿੱਚ ਕੈਪਟਨ (ਸੇਵਾਮੁਕਤ) ਨਵਤੇਜ ਗਿੱਲ ਅਤੇ ਸੌਰਭ ਵਸ਼ਿਸ਼ਟ, ਕਮਾਂਡਰ (ਸੇਵਾਮੁਕਤ) ਅਮਿਤ ਨਾਗਪਾਲ, ਐੱਸ.ਕੇ. ਗੁਪਤਾ, ਬੀ.ਕੇ. ਵਰਮਾ, ਸੁਗੁਨਾਕਰ ਪਕਾਲਾ ਅਤੇ ਨਾਵਿਕ ਰਾਗੇਸ਼ ਸ਼ਾਮਲ ਹਨ। ਸਾਬਕਾ ਜਲ ਸੈਨਾ ਕਰਮੀਆਂ ਨੂੰ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਖਾੜੀ ਦੇਸ਼ ਦੀ ਅਪੀਲੀ ਅਦਾਲਤ ਨੇ 28 ਦਸੰਬਰ ਨੂੰ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ ਸੀ ਅਤੇ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਮੌਤ ਦੀ ਸਜ਼ਾ ਨੂੰ ਘਟਾਉਣ ਤੋਂ ਬਾਅਦ, ਅਪੀਲੀ ਅਦਾਲਤ ਨੇ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੀ ਕੈਦ ਦੀ ਸਜ਼ਾ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਲਈ 60 ਦਿਨਾਂ ਦਾ ਸਮਾਂ ਦਿੱਤਾ ਸੀ। ਪਿਛਲੇ ਸਾਲ ਦਸੰਬਰ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਵਿੱਚ ਸੀਓਪੀ-28 ਸੰਮੇਲਨ ਤੋਂ ਇਲਾਵਾ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਾਦ ਅਲ-ਸਾਨੀ ਨਾਲ ਮੁਲਾਕਾਤ ਕੀਤੀ ਅਤੇ ਕਤਰ ਵਿੱਚ ਭਾਰਤੀ ਭਾਈਚਾਰੇ ਦੀ ਭਲਾਈ ਬਾਰੇ ਚਰਚਾ ਕੀਤੀ। ਮੰਨਿਆ ਜਾਂਦਾ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਭਾਰਤੀਆਂ ਦੀ ਰਿਹਾਈ ਨੂੰ ਯਕੀਨੀ ਕਰਨ ਲਈ ਕਤਰ ਦੇ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਵੈਲੇਨਟਾਈਨ ਡੇਅ 'ਤੇ ਨਿਰਾਸ਼ ਪ੍ਰੇਮੀਆਂ ਲਈ ਖ਼ਾਸ ਆਫਰ; ਕਾਕਰੋਚ ਤੇ ਚੂਹੇ ਨੂੰ ਦਿਓ ਆਪਣੇ Ex ਦਾ ਨਾਮ ਅਤੇ ਫਿਰ...

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News