ਭੈਣ ਦਾ ਕਾਤਲ ਭਰਾ ਗ੍ਰਿਫ਼ਤਾਰ, ਇਸ ਵਜ੍ਹਾ ਕਰ ਕੇ ਉਤਾਰਿਆ ਸੀ ਮੌਤ ਦੇ ਘਾਟ

06/03/2023 2:33:41 PM

ਫਰੀਦਾਬਾਦ- ਕਹਿੰਦੇ ਹਨ ਕਿ ਭਰਾ-ਭੈਣ ਦਾ ਰਿਸ਼ਤਾ ਅਜਿਹਾ ਹੁੰਦਾ ਹੈ, ਜੋ ਥੋੜ੍ਹੀ ਜਿਹੀ ਖਟਾਸ ਅਤੇ ਮਿਠਾਸ ਨਾਲ ਭਰਿਆ ਹੁੰਦਾ ਹੈ ਪਰ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਥੇ ਇਕ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਫਰੀਦਾਬਾਦ ਕ੍ਰਾਈਮ ਬਰਾਂਚ ਡੀ. ਐੱਲ. ਐੱਫ. ਮੁਖੀ ਦੀਪਕ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਭੈਣ ਦੇ ਕਤਲ ਦੇ ਮਾਮਲੇ ਵਿਚ ਮੁਲਜ਼ਮ ਭਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਪ੍ਰਿਯਾਂਸ਼ੂ ਹੈ, ਉਹ 19 ਸਾਲ ਦਾ ਹੈ।

ਦੱਸ ਦੇਈਏ ਕਿ 26 ਮਈ 2023 ਨੂੰ ਪੱਲਾ ਥਾਣੇ ਵਿਚ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਮੁਲਜ਼ਮ ਭਰਾ ਨੇ ਆਪਣੀ ਭੈਣ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਮੁਲਜ਼ਮ ਦੇ ਮਾਪੇ ਅਤੇ ਉਸ ਦਾ ਭਰਾ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਗੋਰਖਪੁਰ ਗਏ ਸਨ। ਘਰ ਵਿਚ ਮੁਲਜ਼ਮ ਪ੍ਰਿਯਾਂਸ਼ੂ ਅਤੇ ਉਸ ਦੀ ਵੱਡੀ ਭੈਣ ਸੀ। ਭੈਣ ਨੇ ਭਰਾ ਨੂੰ ਫੋਨ ਛੱਡ ਕੇ ਪੜ੍ਹਾਈ ਕਰਨ ਲਈ ਕਿਹਾ ਤਾਂ ਉਸ ਨੂੰ ਗੁੱਸਾ ਆ ਗਿਆ। ਉਸ ਨੇ ਗਲ਼ ਘੁੱਟ ਕੇ ਭੈਣ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਕੁੜੀ ਦੇ ਪਿਤਾ ਨੂੰ ਆਪਣੇ ਪੁੱਤਰ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ, ਜਿਸ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਸੀ।

ਮਾਮਲੇ ਵਿਚ ਕਾਰਵਾਈ ਕਰਦਿਆਂ ਕ੍ਰਾਈਮ ਬਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਫਰੀਦਾਬਾਦ ਦੇ ਇਸਮਾਈਲਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਮਾਮਲੇ 'ਚ ਸਖ਼ਤੀ ਨਾਲ ਪੁੱਛ-ਗਿੱਛ ਕਰਨ ਲਈ ਮੁਲਜ਼ਮ ਭਰਾ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ। ਉਹ ਪੜ੍ਹਾਈ ਵਿਚ ਕਮਜ਼ੋਰ ਸੀ, ਇਸ ਲਈ ਉਸ ਦੀ ਭੈਣ ਹਮੇਸ਼ਾ ਉਸ ਨੂੰ ਪੜ੍ਹਨ ਲਈ ਆਖਦੀ ਰਹਿੰਦੀ ਸੀ। ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ ਸੀ। ਜਦੋਂ ਉਸ ਦੇ ਮਾਤਾ-ਪਿਤਾ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗੋਰਖਪੁਰ ਗਏ ਹੋਏ ਸਨ ਤਾਂ ਉਸ ਨੇ ਮੌਕਾ ਵੇਖ ਕੇ ਆਪਣੀ ਭੈਣ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਰਿਮਾਂਡ ਪੂਰਾ ਹੋਣ ਮਗਰੋਂ ਮੁਲਜ਼ਮ ਨੂੰ ਅਦਾਲਤ 'ਚ ਮੁੜ ਪੇਸ਼ ਕਰ ਕੇ ਜੇਲ੍ਹ ਭੇਜਿਆ ਜਾਵੇਗਾ।


Tanu

Content Editor

Related News