ਪੇਪਰ ਦੇਣ ਤੋਂ ਪਹਿਲਾਂ ਸਿੱਖ ਵਿਦਿਆਰਥਣ ਦਾ ਸਿਰੀ ਸਾਹਿਬ ਉਤਰਵਾਇਆ, ਭਖਿਆ ਮਾਮਲਾ
Saturday, Mar 11, 2023 - 02:38 PM (IST)
ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ 'ਚ ਪੇਪਰ ਦੇਣ ਤੋਂ ਪਹਿਲਾਂ ਸਿੱਖ ਵਿਦਿਆਰਥਣ ਦਾ ਸਿਰੀ ਸਾਹਿਬ ਉਤਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਹਿਲ ਕੌਰ ਨਾਮ ਦੀ ਕੁੜੀ ਦਾ ਸ਼ਨੀਵਾਰ ਨੂੰ 10ਵੀਂ ਦਾ ਪੇਪਰ ਸੀ। ਜਿਵੇਂ ਹੀ ਵਿਦਿਆਰਥਣ ਪੇਪਰ ਦੇਣ ਲਈ ਸਕੂਲ ਗਈ ਤਾਂ ਉੱਥੋਂ ਦੇ ਪ੍ਰਿੰਸੀਪਲ ਜੋ ਕਿ ਫਾਦਰ ਵੀ ਹਨ, ਉਨ੍ਹਾਂ ਨੇ ਬੱਚੀ ਨੂੰ ਸਿਰੀ ਸਾਹਿਬ ਉਤਾਰ ਕੇ ਅੰਦਰ ਜਾਣ ਲਈ ਕਿਹਾ। ਇੰਨਾ ਹੀ ਨਹੀਂ ਉੱਥੋਂ ਦੀ ਅਧਿਆਪਕਾ ਜੋ ਖ਼ੁਦ ਸਿੱਖ ਹੈ, ਉਸ ਨੇ ਵੀ ਕੁੜੀ ਨੂੰ ਕਕਾਰਾਂ ਤੋਂ ਬਿਨਾਂ ਹੀ ਪੇਪਰ ਦੇਣ ਲਈ ਕਿਹਾ।
ਵਿਦਿਆਰਥਣ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਫਿਰ ਵੀ ਉਸ ਨੂੰ ਸਿਰੀ ਸਾਹਿਬ ਉਤਾਰ ਕੇ ਹੀ ਪ੍ਰੀਖਿਆ ਹਾਲ 'ਚ ਜਾਣ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਭਖ ਗਿਆ। ਇਸ ਤੋਂ ਬਾਅਦ ਸਿੱਖ ਸਮਾਜ ਦੇ ਕੁਝ ਮੈਂਬਰ ਸਕੂਲ ਗਏ। ਕਾਫ਼ੀ ਹੰਗਾਮੇ ਤੋਂ ਅਤੇ ਫਾਦਰ ਤੋਂ ਮੁਆਫ਼ੀਨਾਮਾ ਲਿਖਵਾਇਆ ਗਿਆ। ਇਸ ਦੇ ਨਾਲ ਹੀ ਫਾਦਰ ਨੂੰ ਸਿੱਖ ਸਮਾਜ ਵੱਲੋਂ ਗੁਰਦੁਆਰਾ ਸਾਹਿਬ 'ਚ ਸੇਵਾ ਕਰਨ ਦੀ ਸਜ਼ਾ ਦਿੱਤੀ ਗਈ ਹੈ, ਜਿੱਥੇ ਉਹ ਜੋੜਿਆਂ ਦੀ ਸੇਵਾ ਕਰੇਗਾ।