ਦੁਕਾਨ ''ਚੋਂ ਚੋਰ ਨੇ ਚਾਂਦੀ ਦੇ ਗਹਿਣਿਆਂ ''ਤੇ ਕੀਤਾ ਹੱਥ ਸਾਫ਼, ਇੰਝ ਦਿੱਤਾ ਚੋਰੀ ਨੂੰ ਅੰਜਾਮ
Saturday, Oct 12, 2024 - 01:26 PM (IST)
ਅਲਵਰ- ਰਾਜਸਥਾਨ ਦੇ ਅਲਵਰ ਸ਼ਹਿਰ 'ਚ ਕੋਤਵਾਲੀ ਥਾਣੇ ਦੇ ਅਧੀਨ ਪੈਂਦੇ ਬੈਂਗਲ ਬਾਜ਼ਾਰ 'ਚ ਸਥਿਤ ਇਕ ਕੰਪਲੈਕਸ 'ਚ ਗਹਿਣਿਆਂ ਦੀ ਦੁਕਾਨ 'ਚੋਂ ਚੋਰਾਂ ਨੇ ਕਰੀਬ 15 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸ਼ੁੱਕਰਵਾਰ ਰਾਤ ਨੂੰ ਵਾਪਰੀ ਇਹ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਚੋਰੀ ਦੀ ਇਹ ਘਟਨਾ ਰਾਤ ਕਰੀਬ 1 ਵਜੇ ਵਾਪਰੀ। ਚੋਰ ਨੇ ਮੂੰਹ 'ਤੇ ਮਾਸਕ ਅਤੇ ਸਕਾਰਫ਼ ਪਾਇਆ ਹੋਇਆ ਸੀ ਅਤੇ ਆਸਾਨੀ ਨਾਲ ਮਾਲ ਚੋਰੀ ਕਰ ਕੇ ਲੈ ਗਿਆ।
ਦੁਕਾਨ ਦੇ ਮਾਲਕ ਮੁਕੇਸ਼ ਖੰਡੇਲਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਬੈਂਗਲੇ ਮਾਰਕੀਟ 'ਚ ਮਾਥੁਰ ਕੰਪਲੈਕਸ 'ਚ ਓਮ ਜਵੈਲਰਜ਼ ਦੇ ਨਾਂ ’ਤੇ ਦੁਕਾਨ ਹੈ ਅਤੇ ਉਹ ਸਿਰਫ਼ ਚਾਂਦੀ ਦੇ ਗਹਿਣੇ ਵੇਚਦਾ ਹੈ। ਦੁਕਾਨ ਵਿਚ ਕਰੀਬ 15 ਤੋਂ 20 ਕਿਲੋ ਚਾਂਦੀ ਦੇ ਗਹਿਣੇ ਰੱਖੇ ਹੋਏ ਹਨ। ਬੀਤੀ ਰਾਤ ਬਾਜ਼ਾਰ ਵਿਚ ਚੌਕੀਦਾਰ ਵਜੋਂ ਕੰਮ ਕਰਦੇ ਨੇਪਾਲੀ ਚੌਕੀਦਾਰ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਦੁਕਾਨ ਵਿਚ ਚੋਰੀ ਹੋ ਗਈ ਹੈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਚੋਰ ਵੱਲੋਂ ਵਰਤੀ ਗਈ ਸਬਲ ਉਥੇ ਪਈ ਸੀ ਅਤੇ ਦੁਕਾਨ ਪੂਰੀ ਸਾਫ ਸੀ। ਜਦੋਂ ਮੈਂ ਆਲੇ-ਦੁਆਲੇ ਦੇਖਿਆ ਤਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਉਸ ਦੀ ਫੁਟੇਜ ਨਜ਼ਰ ਆਈ।
ਚੋਰ ਨੇ ਕਰੀਬ 15 ਤੋਂ 20 ਮਿੰਟ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਦੁਕਾਨ ਵਿਚ ਰੱਖੇ ਬੈਗ ਵਿਚ ਸਾਮਾਨ ਪੈਕ ਕਰਕੇ ਲੈ ਗਿਆ। ਹਾਲਾਂਕਿ ਰਾਤ ਨੂੰ ਚੌਕੀਦਾਰ ਨੂੰ ਘਟਨਾ ਦਾ ਪਤਾ ਲੱਗਣ 'ਤੇ ਉਸ ਨੇ ਚੋਰ ਦਾ ਪਿੱਛਾ ਕੀਤਾ ਤਾਂ ਚੋਰ ਦੇ ਬੈਗ 'ਚੋਂ ਚਾਂਦੀ ਦੇ ਗਹਿਣਿਆਂ ਦੀ ਇਕ ਥੈਲੀ ਡਿੱਗ ਗਈ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦੀ ਜਾਣਕਾਰੀ ਲਈ। ਸੀ. ਸੀ. ਟੀ. ਵੀ. ਫੁਟੇਜ ਵੇਖਣ ਮਗਰੋਂ ਚੋਰ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।