PMC ਬੋਰਡ ਦੇ 8 ਸਿੱਖ ਮੈਂਬਰਾਂ ’ਤੇ ਲੱਗੀ ਪਾਬੰਦੀ

10/04/2019 12:24:44 PM

ਮੁੰਬਈ—ਸੂਬੇ 'ਚ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੀ ਗੁਰੂਸਿੰਘ ਸਭਾ ਦਾਦਰ ਨੇ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ (ਪੀ.ਐਮ.ਸੀ.) ਬੈਂਕ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਸੰਸਥਾ ਮੁਤਾਬਕ ਉਹ ਬੈਂਕ ਨੂੰ ਫਿਰ ਜੀਵਤ ਕਰਨ ਦੀ ਕੋਸ਼ਿਸ਼ ਕਰਨਗੇ। ਸਿੱਖ ਭਾਈਚਾਰੇ ਵਲੋਂ ਪੀ.ਐਮ.ਸੀ. ਬੋਰਡ ਦੇ 8 ਸਿੱਖ ਪ੍ਰਬੰਧਕਾਂ ਖ਼ਿਲਾਫ਼ ਪਾਬੰਦੀ ਲਗਾਉਂਦਿਆ ਉਨ੍ਹਾਂ ਦੀ ਮੁੰਬਈ ਤੇ ਨਵੀ ਮੁੰਬਈ ਸਥਿਤ ਗੁਰਦੁਆਰਿਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਨੂੰ ਖ਼ਤਮ ਕੀਤਾ ਗਿਆ ਹੈ। ਬੈਂਕ ਨਾਲ ਜੁੜੇ ਸਿੱਖ ਸਮਾਜ ਦੇ ਖਾਤਾਧਾਰਕਾਂ ਨੂੰ ਨਿੱਜੀ ਤੌਰ 'ਤੇ ਕੁਝ ਮਹੀਨਿਆਂ ਤੱਕ ਪੈਸਾ ਨਾ ਕਢਵਾਉਣ ਲਈ ਕਿਹਾ ਜਾਵੇਗਾ। ਸ਼੍ਰੀ ਗੁਰੂ ਸਿੰਘ ਸਭਾ ਦਾਦਰ ਦੇ ਪ੍ਰਧਾਨ ਰਘਬੀਰ ਸਿੰਘ ਗਿੱਲ ਦਾ ਇਹ ਬਿਆਨ ਬੈਂਕ 'ਚ ਨਿਯੁਕਤ ਪ੍ਰਬੰਧਕ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਇਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨ ਸਿਓਨ ਵਿਖੇ ਸਿੱਖ ਭਾਈਚਾਰੇ ਵਲੋਂ ਕੀਤੀ ਗਈ ਬੈਠਕ ਦੌਰਾਨ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ (ਪੀ.ਐਮ.ਸੀ.) ਬੈਂਕ ਦੀ ਬਰਬਾਦੀ ਲਈ ਜ਼ਿੰਮੇਵਾਰ ਲੋਕਾਂ 'ਚ ਸ਼ਾਮਿਲ 8 ਸਿੱਖ ਪ੍ਰਬੰਧਕਾਂ ਨੂੰ 'ਸਜ਼ਾ' ਦੇਣ ਦਾ ਫ਼ੈਸਲਾ ਕਰਦਿਆਂ ਉਨ੍ਹਾਂ ਦੇ ਸਿੱਖ ਭਾਈਚਾਰੇ ਨਾਲ ਸਬੰਧਿਤ ਸਮਾਗਮਾਂ 'ਚ ਸ਼ਾਮਿਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।ਇਨ੍ਹਾਂ 'ਚ ਚੇਅਰਮੈਨ ਵਰਿਆਮ ਸਿੰਘ, ਉਪ-ਚੇਅਰਮੈਨ ਬਲਵੀਰ ਸਿੰਘ ਕੋਚਰ ਅਤੇ ਨਿਰਦੇਸ਼ਕ ਸੁਰਜੀਤ ਸਿੰਘ ਨਾਰੰਗ, ਦਲਜੀਤ ਸਿੰਘ ਬਲ, ਸੁਰਜੀਤ ਸਿੰਘ ਅਰੋੜਾ, ਰਾਜਨੀਤ ਸਿੰਘ, ਗੁਰਨਾਮ ਸਿੰਘ ਹੋਠੀ ਅਤੇ ਜਸਵਿੰਦਰ ਸਿੰਘ ਬਨਵੈਤ ਸ਼ਾਮਿਲ ਹਨ। 

PunjabKesari

ਮੁੰਬਈ ਤੇ ਨਵੀ ਮੁੰਬਈ 'ਚ ਸਿੱਖ ਭਾਈਚਾਰੇ ਵਲੋਂ 28 ਸਕੂਲ, 4 ਕਾਲਜ ਤੇ ਇਕ ਹਸਪਤਾਲ ਚਲਾਇਆ ਜਾ ਰਿਹਾ ਹੈ। ਸ਼ਹਿਰ ਦੇ ਸਿੱਖ ਭਾਈਚਾਰੇ ਦੇ ਬੋਰਡ ਵਲੋਂ ਦੇਸ਼ ਭਰ ਦੇ ਸਭ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਿੱਖ ਭਾਈਚਾਰੇ ਦੇ ਕਿਸੇ ਵੀ ਸਮਾਗਮ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ 'ਚ ਸ਼ਮੂਲੀਅਤ ਨਾ ਕਰਨ ਦਿੱਤੀ ਜਾਵੇ। ਸਿੱਖ ਭਾਈਚਾਰੇ ਦੇ 500 ਦੇ ਕਰੀਬ ਸਿੱਖਾਂ ਦੇ ਇਕੱਠ ਵਲੋਂ ਦਾਦਰ ਸਥਿਤ ਸ੍ਰੀ ਗੁਰੂ ਸਿੰਘ ਸਭਾ ਦੀ ਕੇਂਦਰੀ ਕਮੇਟੀ ਨੇ ਬੁੱਧਵਾਰ ਨੂੰ ਸਰਬਸੰਮਤੀ ਨਾਲ ਪਾਸ ਕੀਤੇ ਮਤੇ 'ਚ ਕਿਹਾ ਹੈ ਕਿ ਇਨ੍ਹਾਂ 8 ਦੀ ਕਾਰਗੁਜ਼ਾਰੀ ਕਾਰਨ ਸਿੱਖਾਂ ਦੇ ਅਕਸ ਨੂੰ ਧੱਬਾ ਲੱਗਾ ਹੈ। 

ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਤ ਸਕੱਤਰ ਰਾਮ ਸਿੰਘ ਰਾਠੌਰ ਨੇ ਦੱਸਿਆ ਕਿ ਇਸ ਵਿਵਾਦ ਕਾਰਨ 16 ਲੱਖ ਸਿੱਖ ਪ੍ਰਭਾਵਿਤ ਹੋਏ ਹਨ ਅਤੇ ਬੋਰਡ ਆਫ ਡਾਇਰੈਕਟਰ ਵਲੋਂ ਆਪਣੇ ਹੀ ਲੋਕਾਂ ਨਾਲ ਕੀਤੇ ਧੋਖੇ ਲਈ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ। ਸਿਓਨ ਦੇ ਗੁਰੂ ਨਾਨਕ ਵਿੱਦਿਅਕ ਦੇ ਪ੍ਰਧਾਨ ਮਨਜੀਤ ਸਿੰਘ ਭੱਟੀ ਨੇ ਦੱਸਿਆ ਕਿ ਇਹ ਅੱਠ ਲੋਕ ਹੁਣ ਸਿੱਖ ਭਾਈਚਾਰੇ ਵਲੋਂ ਚਲਾਈਆਂ ਜਾ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਮੈਂਬਰ ਨਹੀਂ ਹਨ। ਇਨ੍ਹਾਂ ਕਾਰਨ ਸਾਡੇ 12 ਕਰੋੜ ਰੁਪਏ ਬੱਚਤ ਖ਼ਾਤਿਆਂ ਤੇ 5.68 ਕਰੋੜ ਰੁਪਏ ਮਿਆਦੀ ਜਮ੍ਹਾਂ ਖ਼ਾਤਿਆਂ 'ਚ ਫਸ ਗਏ ਹਨ ਅਤੇ ਅਸੀਂ ਹੁਣ ਸਾਲਾਨਾ 1 ਕਰੋੜ ਦੇ ਕਰੀਬ ਦਿੱਤੀਆਂ ਜਾਣ ਵਾਲੀਆਂ ਤਨਖਾਹਾਂ ਦੀ ਅਦਾਇਗੀ ਕਿਵੇਂ ਕਰਾਂਗੇ। 

ਉੱਧਰ ਵੀਰਵਾਰ ਨੂੰ ਮੁੰਬਈ ਪੁਲਿਸ ਨੇ ਪੀ.ਐਮ.ਸੀ. ਬੈਂਕ ਘੁਟਾਲਾ ਮਾਮਲੇ 'ਚ ਕਾਰਵਾਈ ਕਰਦਿਆਂ ਹਾਊਸਿੰਗ ਡਿਵੈਲਪਮੈਂਟ ਇਨਫਰਾਸਟਰੱਕਚਰ ਲਿ: (ਐਚ. ਡੀ. ਆਈ. ਐਲ.) ਦੇ 2 ਨਿਰਦੇਸ਼ਕਾਂ ਰਾਕੇਸ਼ ਵਾਧਵਨ ਤੇ ਉਸ ਦੇ ਪੁੱਤਰ ਸਾਰੰਗ ਵਾਧਵਨ ਨੂੰ ਗ੍ਫ਼ਿਤਾਰ ਕਰ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਆਰਥਿਕ ਅਪਰਾਧਾਂ ਨਾਲ ਨਜਿੱਠਣ ਵਾਲੇ (ਈ. ਓ. ਡਬਲਿਊ.) ਵਿੰਗ ਵਲੋਂ ਪੀ. ਐਮ. ਸੀ. ਬੈਂਕ ਨਾਲ ਕਰਜ਼ ਧੋਖਾਧੜੀ ਕਰਨ ਵਾਲੇ ਐਚ. ਡੀ. ਆਈ. ਐਲ. ਦੇ ਨਿਰਦੇਸ਼ਕ ਰਾਕੇਸ਼ ਵਾਧਵਨ ਤੇ ਸਾਰੰਗ ਵਾਧਵਨ ਤੋਂ ਇਸ ਘੁਟਾਲੇ 'ਚ ਸ਼ਾਮਿਲ ਹੋਰ ਲੋਕਾਂ ਬਾਰੇ ਵਿਸਥਾਰ ਨਾਲ ਪੁੱਛਗਿੱਛ ਕਰਨ ਲਈ ਉਨ੍ਹਾਂ ਦੀ ਗ੍ਰਿਫਤਾਰੀ ਕਰਨ ਦੇ ਨਾਲ ਹੀ ਉਨ੍ਹਾਂ ਦੀ ਕਰੀਬ 3,500 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਈ. ਓ. ਡਬਲਿਊ. ਦੀ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਪੁਲਿਸ ਨੇ ਵਾਧਵਨ ਪਿਉ-ਪੁੱਤਰ ਸਮੇਤ 17 ਲੋਕਾਂ ਖਿਲਾਫ ਲੁਕ-ਆਊਟ ਸਰਕੂਲਰ ਜਾਰੀ ਕੀਤੇ ਹੋਏ ਸਨ। 

ਹੁਣ ਖ਼ਾਤਾਧਾਰਕ ਕਢਵਾ ਸਕਣਗੇ 25,000 ਰੁਪਏ
ਇਸ ਦੌਰਾਨ ਰਿਜ਼ਰਵ ਬੈਂਕ ਨੇ ਅੱਜ ਬੈਂਕ ਦੇ ਖਾਤਾਧਾਰਕਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਨੂੰ ਆਪਣੇ ਖਾਤਿਆਂ 'ਚੋਂ ਅਗਲੇ 6 ਮਹੀਨਿਆਂ ਤੱਕ 10,000 ਰੁਪਏ ਦੀ ਬਜਾਏ 25,000 ਰੁਪਏ ਤੱਕ ਕਢਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਕਰੀਬ 915 ਕਰੋੜ ਰੁਪਏ ਜਮ੍ਹਾਂ ਕਰਵਾ ਚੁੱਕੇ ਬਹੁਤੇ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਬਹੁਤੇ ਖਾਤਾਧਾਰਕਾਂ ਦੀ ਔਸਤ ਜਮ੍ਹਾਂ ਪੂੰਜੀ 10,000 ਹਜ਼ਾਰ ਰੁਪਏ ਦੇ ਕਰੀਬ ਹੈ।


Iqbalkaur

Content Editor

Related News