ਸ਼ਵੇਤ ਮਲਿਕ ਨੇ ਸੰਸਦ ''ਚ ਅੰਮ੍ਰਿਤਸਰ ਤੋਂ ਕਟੜਾ ਵਿਚਾਲੇ ਆਮ ਸ਼੍ਰੇਣੀ ਦੀ ਟਰੇਨ ਚਲਾਉਣ ਦੀ ਚੁੱਕੀ ਮੰਗ
Thursday, Mar 05, 2020 - 06:08 PM (IST)

ਨਵੀਂ ਦਿੱਲੀ (ਭਾਸ਼ਾ)— ਰਾਜ ਸਭਾ 'ਚ ਵੀਰਵਾਰ ਭਾਵ ਅੱਜ ਭਾਜਪਾ ਦੇ ਮੈਂਬਰ ਸ਼ਵੇਤ ਮਲਿਕ ਨੇ ਪੰਜਾਬ 'ਚ ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਆਮ ਸ਼੍ਰੇਣੀ (ਜਨਰਲ ਕੈਟੇਗਰੀ) ਲਈ ਟਰੇਨ ਚਲਾਉਣ ਦੀ ਮੰਗ ਕੀਤੀ। ਮਲਿਕ ਨੇ ਸਦਨ 'ਚ ਸਿਫਰ ਕਾਲ 'ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਹੇਠਲੇ ਤਬਕੇ ਦੇ ਲੋਕਾਂ ਨੂੰ ਧਾਰਮਿਕ ਨਗਰੀ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਦੀ ਸਹੂਲਤ ਮੁਹੱਈਆ ਕਰਾਉਣ ਲਈ ਅੰਮ੍ਰਿਤਸਰ ਤੋਂ ਕਟੜਾ ਵਿਚਾਲੇ ਆਮ ਸ਼੍ਰੇਣੀ ਦੀ ਟਰੇਨ ਚਲਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਅਮੀਰ ਅਤੇ ਮੱਧ ਵਰਗ ਦੇ ਲੋਕ ਅੰਮ੍ਰਿਤਸਰ ਤੋਂ ਕਾਰ ਜਾਂ ਬੱਸ ਜ਼ਰੀਏ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਹਨ ਪਰ ਗਰੀਬੀ ਦੀ ਰੇਖਾ ਵਾਲੇ ਲੋਕਾਂ ਕੋਲ ਇਸ ਯਾਤਰਾ ਲਈ ਕੋਈ ਸਸਤਾ ਬਦਲ ਨਹੀਂ ਹੈ। ਅੰਮ੍ਰਿਤਸਰ ਤੋਂ ਕਟੜਾ ਵਿਚਾਲੇ ਟਰੇਨ ਚੱਲਦੀ ਹੈ ਪਰ ਇਹ ਏਸੀ ਟਰੇਨ ਹੈ, ਇਸ ਲਈ ਗਰੀਬ ਤਬਕੇ ਦੇ ਲੋਕ ਇਸ 'ਚ ਯਾਤਰਾ ਨਹੀਂ ਕਰ ਪਾਉਂਦੇ ਹਨ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਹਰੀਦੁਆਰ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਜਨਰਲ ਟਰੇਨ ਦੀ ਤਰਜ਼ 'ਤੇ ਅੰਮ੍ਰਿਤਸਰ ਤੋਂ ਕਟੜਾ ਵਿਚਾਲੇ ਵੀ ਜਨਰਲ ਟਰੇਨ ਚਲਾਉਣ ਦੀ ਸਰਕਾਰ ਤੋਂ ਮੰਗ ਕੀਤੀ।