ਸ਼ਵੇਤ ਮਲਿਕ ਨੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਤਾ ਇਹ ਬਿਆਨ
Friday, Mar 01, 2019 - 06:05 PM (IST)
ਨਵੀਂ ਦਿੱਲੀ (ਕਮਲ ਕੁਮਾਰ ਕਾਂਸਲ)-ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੀ ਰਾਜਨੀਤੀ 'ਤੇ ਚਰਚਾ ਕਰਦੇ ਹੋਏ ਅਰੁਣ ਜੇਤਲੀ ਨੂੰ ਰਾਜਨੀਤੀ ਦਾ 'ਚਾਣਕਿਆ' ਦੱਸਿਆ। ਮੁਲਾਕਾਤ ਦੌਰਾਨ ਕਈ ਅਹਿਮ ਮੁੱਦਿਆ 'ਤੇ ਗੱਲਬਾਤ ਵੀ ਕੀਤੀ ਗਈ, ਜਿਸ ਦਾ ਜ਼ਿਕਰ ਸ਼ਵੇਤ ਮਲਿਕ ਨੇ ਆਪਣੇ ਬਿਆਨ 'ਚ ਕੀਤਾ।
ਸ਼ਵੇਤ ਮਲਿਕ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ 'ਤੇ ਭਾਜਪਾ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਜੋ ਵੀਰਤਾ ਮੋਦੀ ਸਰਕਾਰ ਨੇ ਦਿਖਾਈ ਹੈ, ਉਸ ਨਾਲ ਦੇਸ਼ ਵਾਸੀਆਂ ਦੀ ਛਾਤੀ 56 ਇੰਚ ਚੌੜੀ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੀ ਗੱਲ ਕਰਦਿਆਂ ਉਸ ਸਮੇਂ ਦੀ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਅੱਜ ਸਾਡੀ ਮੌਜੂਦਾ ਸਰਕਾਰ ਨੇ ਪੁਲਵਾਮਾ ਹਮਲੇ ਦਾ ਬਦਲਾ ਲੈ ਲਿਆ ਹੈ। ਜੈਸ਼-ਏ-ਮੁਹੰਮਦ 'ਤੇ ਉਨ੍ਹਾਂ ਨੇ ਸਾਫ ਕਿਹਾ ਕਿ ਕੱਲ ਅਰੁਣ ਜੇਤਲੀ ਨੇ ਸਾਫ ਦੱਸਿਆ ਸੀ ਕਿ ਜੇਕਰ ਅਮਰੀਕਾ ਓਸਾਮਾ ਨਾਲ ਅਜਿਹਾ ਕਰ ਸਕਦਾ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ ਜੰਗ ਉਦੋਂ ਤੱਕ ਚੱਲੇਗੀ ਜਦੋਂ ਤੱਕ ਅੱਤਵਾਦ ਖਤਮ ਨਹੀਂ ਹੁੰਦਾ।
ਕਰਤਾਰਪੁਰ ਕਾਰੀਡੋਰ 'ਤੇ ਗੱਲ ਕਰਦਿਆਂ ਸ਼ਵੇਤ ਮਲਿਕ ਨੇ ਦੱਸਿਆ ਕਿ ਉਹ ਵੱਖਰਾ ਧਾਰਮਿਕ ਮਾਮਲਾ ਹੈ, ਜਿਸ ਨੂੰ ਵੱਖਰੇ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਲੋਕਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਮੋਦੀ ਸਰਕਾਰ ਨੇ ਪੂਰਾ ਕਰ ਕੇ ਦਿਖਾਇਆ ਹੈ।
ਇਸ ਤੋਂ ਇਲਾਵਾ ਸ਼ਵੇਤ ਮਲਿਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਨਿਸ਼ਾਨਾ ਵਿੰਨਿ੍ਹਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੈਪਟਨ ਮੁੱਖ ਮੰਤਰੀ ਬਣੇ ਹਨ ਉਦੋਂ ਤੋਂ ਸਿਰਫ ਆਰਾਮ ਹੀ ਕਰ ਰਹੇ ਹਨ। ਸਰਕਾਰ ਨੇ ਜਨਤਾ ਨਾਲ ਸਿਰਫ ਝੂਠ ਬੋਲਿਆ ਹੈ। ਹੁਣ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਦਾ ਪਰਦਾਫਾਸ਼ ਹੋ ਗਿਆ ਹੈ। ਪਹਿਲਾਂ ਟੀਚਰਾਂ 'ਤੇ ਡੰਡੇ ਚਲਾਏ ਗਏ ਹਨ ਅਤੇ ਹੁਣ ਨਰਸਾਂ ਜਾਨ ਦੇ ਰਹੀਆਂ ਹਨ। ਇਸ ਤੋਂ ਜ਼ਿਆਦਾ ਸਥਿਤੀ ਖਰਾਬ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਦੌਰਾ ਕਰਨ ਤੋਂ ਬਾਅਦ ਭੁੱਲ ਜਾਣਗੇ, ਉਹ ਅੱਜ ਆਪਣੇ ਮਹਿਲ ਜਾਣਗੇ ਅਤੇ ਆਰਾਮ ਫਰਮਾਉਣਗੇ। ਉਹ ਆਪਣੇ ਮੰਤਰੀ ਮੰਡਲ ਦੀ ਬੈਠਕ 'ਚ ਵੀ ਨਹੀਂ ਜਾਂਦੇ ਅਤੇ ਸੂਬੇ ਦੇ ਸੰਸਦ ਮੈਂਬਰਾਂ ਨੂੰ ਵੀ ਨਹੀਂ ਮਿਲਦੇ। ਉਨ੍ਹਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ।