ਸ਼ਰਧਾ ਕਤਲਕਾਂਡ: ਅੱਜ ਨਹੀਂ ਹੋਵੇਗਾ ਆਫਤਾਬ ਦਾ ਨਾਰਕੋ ਟੈਸਟ, ਦੋਸ਼ੀ ਦੀ ਪਹਿਲਾਂ ਕੀਤੀ ਜਾਵੇ ਇਹ ਜਾਂਚ
Monday, Nov 21, 2022 - 01:45 PM (IST)
ਨਵੀਂ ਦਿੱਲੀ- ਲਿਵ-ਇਨ-ਪਾਰਟਨਰ ਦੇ ਕਤਲ ਦੇ ਦੋਸ਼ੀ ਆਫਤਾਬ ਆਮੀਨ ਪੂਨਾਵਾਲਾ ਦਾ ਨਾਰਕੋ ਟੈਸਟ ਸੋਮਵਾਰ ਯਾਨੀ ਕਿ ਅੱਜ ਨਹੀਂ ਕੀਤਾ ਜਾਵੇਗਾ, ਭਾਵੇਂ ਹੀ ਇਸ ਲਈ ਜ਼ਰੂਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। FSL ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਰਧਾ ਵਾਲਕਰ ਕਤਲਕਾਂਡ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਦੀ ਟੀਮ ਨਾਲ ਐਤਵਾਰ ਨੂੰ ਵਿਸਥਾਰਪੂਰਵਕ ਚਰਚਾ ਹੋਈ।
ਅਧਿਕਾਰੀ ਨੇ ਕਿਹਾ ਕਿ ਮਾਮਲਾ ਧਿਆਨ ਵਿਚ ਲਿਆ ਗਿਆ ਹੈ ਪਰ ਨਾਰਕੋ ਵਿਸ਼ਲੇਸ਼ਣ ਪਰੀਖਣ ਕੀਤੇ ਜਾਣ ਤੋਂ ਪਹਿਲਾਂ ਕਈ ਤਰ੍ਹਾਂ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਨਾਰਕੋ ਟੈਸਟ ਤੋਂ ਪਹਿਲਾਂ ਦੋਸ਼ੀ ਆਫਤਾਬ ਦੇ ਭਾਵਨਾਤਮਕ, ਮਾਨਸਿਕ, ਮਨੋਵਿਗਿਆਨਕ ਅਤੇ ਸਰੀਰਕ ਸਿਹਤ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾਵੇਗੀ। ਜੇਕਰ ਇਨ੍ਹਾਂ ’ਚੋਂ ਕੋਈ ਵੀ ਗੜਬੜੀ ਵੇਖੀ ਜਾਂਦੀ ਹੈ ਤਾਂ ਨਾਰੋਕ ਟੈਸਟ ਨਹੀਂ ਹੋਵੇਗਾ।
ਦੱਸ ਦੇਈਏ ਕਿ ਆਫਤਾਬ ਆਮੀਨ ਪੂਨਾਵਾਲਾ ਦੀ 5 ਦਿਨ ਦੀ ਪੁਲਸ ਹਿਰਾਸਤ ਮੰਗਲਵਾਰ ਨੂੰ ਖ਼ਤਮ ਹੋ ਰਹੀ ਹੈ, ਅਜਿਹੇ ਵਿਚ ਦਿੱਲੀ ਪੁਲਸ ਟੈਸਟ ਛੇਤੀ ਤੋਂ ਛੇਤੀ ਕਰਾਉਣ ਦੀ ਕੋਸ਼ਿਸ਼ ਵਿਚ ਜੁੱਟੀ ਹੈ। ਇੱਥੋਂ ਦੇ ਰੋਹਿਣੀ ਦੇ ਡਾ. ਬਾਬਾ ਸਾਹਿਬ ਅੰਬੇਡਕਰ ਹਸਪਤਾਲ ’ਚ ਨਾਰਕੋ ਟੈਸਟ ਕੀਤਾ ਜਾਵੇਗਾ। ਦਿੱਲੀ ਦੀ ਇਕ ਅਦਾਲਤ ਨੇ 17 ਨਵੰਬਰ ਦੇ ਇਕ ਹੁਕਮ ’ਚ ਸ਼ਹਿਰ ਦੀ ਪੁਲਸ ਨੂੰ 5 ਦਿਨਾਂ ਦੇ ਅੰਦਰ ਨਾਰਕੋ ਟੈਸਟ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਦਕਿ ਇਹ ਸਪੱਸ਼ਟ ਕੀਤਾ ਸੀ ਕਿ ਦੋਸ਼ੀ ’ਤੇ ‘ਥਰਡ ਡਿਗਰੀ’ ਦਾ ਇਸਤੇਮਾਲ ਨਹੀਂ ਕਰ ਸਕਦੀ ਹੈ।