ਸਨਕ! 5 ਕਤਲ ਕਰ ਲਾਸ਼ਾਂ ਨਾਲ ਸੁੱਤਾ, ਫਿਰ ਵੀ ਨਾ ਭਰੀ ਭੁੱਖ ਤੇ....
Thursday, Nov 28, 2024 - 04:55 PM (IST)
ਨੈਸ਼ਨਲ ਡੈਸਕ : ਗੁਜਰਾਤ ਦੇ ਵਲਸਾਡ 'ਚ ਵਿਦਿਆਰਥਣ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਰਾਹੁਲ ਜਾਟ ਨੇ ਪੁਲਸ ਪੁੱਛਗਿੱਛ ਦੌਰਾਨ 25 ਦਿਨਾਂ 'ਚ 5 ਕਤਲਾਂ ਦੀ ਗੱਲ ਕਬੂਲ ਕੀਤੀ ਹੈ। ਉਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ ਅਕਸਰ ਲਾਸ਼ਾਂ ਨਾਲ ਹੀ ਸੌਂਦਾ ਸੀ। ਪੁਲਸ ਨੇ ਉਸ ਨੂੰ 5 ਦਸੰਬਰ ਤੱਕ ਰਿਮਾਂਡ 'ਤੇ ਲਿਆ ਹੈ।
ਦੱਸ ਦੇਈਏ ਕਿ ਰਾਹੁਲ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ ਅਤੇ ਉਸਦੇ ਖਿਲਾਫ ਰਾਜਸਥਾਨ ਅਤੇ ਯੂਪੀ 'ਚ ਵੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਇਸ ਮੌਕੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਰਾਹੁਲ ਨੇ ਤੇਲੰਗਾਨਾ ਦੇ ਸਿਕੰਦਰਾਬਾਦ 'ਚ ਇੱਕ ਡਕੈਤੀ ਦੌਰਾਨ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਸੀ। ਅਕਤੂਬਰ ਵਿੱਚ, ਉਸਨੇ ਮਹਾਰਾਸ਼ਟਰ ਦੇ ਸੋਲਾਪੁਰ ਰੇਲਵੇ ਸਟੇਸ਼ਨ ਦੇ ਕੋਲ ਇੱਕ ਔਰਤ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਬੰਗਾਲ ਦੇ ਹਾਵੜਾ ਸਟੇਸ਼ਨ 'ਤੇ ਲੁੱਟ ਤੋਂ ਬਾਅਦ ਇਕ ਬਜ਼ੁਰਗ ਵਿਅਕਤੀ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕਰਨਾਟਕ ਦੇ ਮੁਲਕੀ ਸਟੇਸ਼ਨ 'ਤੇ ਮਾਮੂਲੀ ਝਗੜੇ ਨੂੰ ਲੈ ਕੇ ਇਕ ਯਾਤਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਲੁੱਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਨੂੰ ਵੀ ਦਿੱਤਾ ਅੰਜਾਮ
ਉਹ ਵੱਖ-ਵੱਖ ਸੂਬਿਆਂ 'ਚ ਵਾਰਦਾਤਾਂ ਕਰਨ ਤੋਂ ਬਾਅਦ ਲਗਾਤਾਰ ਆਪਣਾ ਟਿਕਾਣਾ ਬਦਲਦਾ ਰਹਿੰਦਾ ਸੀ। ਉਸਨੇ ਚਾਰ ਰਾਜਾਂ (ਕਰਨਾਟਕ, ਪੱਛਮੀ ਬੰਗਾਲ, ਤੇਲੰਗਾਨਾ ਅਤੇ ਮਹਾਰਾਸ਼ਟਰ) ਵਿੱਚ ਲੁੱਟਾਂ-ਖੋਹਾਂ ਅਤੇ ਕਤਲ ਕੀਤੇ ਹਨ। ਪੁਲਸ ਅਨੁਸਾਰ ਉਹ ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਵਾਰਦਾਤਾਂ ਕਰਦਾ ਸੀ।
ਇਸ ਮਾਮਲੇ ਵਿੱਚ ਵਲਸਾਡ ਦੇ ਐੱਸਪੀ ਕਰਨਰਾਜ ਵਾਘੇਲਾ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਕਈ ਰਾਜਾਂ ਦੀ ਪੁਲਸ ਅਤੇ ਵਿਆਪਕ ਤਲਾਸ਼ੀ ਮੁਹਿੰਮ ਕਾਰਨ ਸੰਭਵ ਹੋਈ ਹੈ।
ਵਿਦਿਆਰਥਣ ਦੀ ਲਾਸ਼ ਨਾਲ ਵੀ ਕੀਤਾ ਬਲਾਤਕਾਰ
ਪੁਲਸ ਨੇ ਦੱਸਿਆ ਕਿ ਵਲਸਾਡ 'ਚ ਰਹਿਣ ਵਾਲੀ ਬੀ.ਕਾਮ ਦੀ ਵਿਦਿਆਰਥਣ 14 ਨਵੰਬਰ ਨੂੰ ਟਿਊਸ਼ਨ ਤੋਂ ਘਰ ਪਰਤ ਰਹੀ ਸੀ। ਫਿਰ ਇਕ ਸੁੰਨਸਾਨ ਖੇਤਰ ਵਿਚ ਰਾਹੁਲ ਨੇ ਉਸ ਨੂੰ ਝਾੜੀਆਂ ਵਿਚ ਖਿੱਚ ਲਿਆ ਅਤੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਥੋਂ ਫ਼ਰਾਰ ਹੋ ਗਿਆ। ਕੁਝ ਸਮੇਂ ਬਾਅਦ ਸਾਈਕੋ ਕਾਤਲ ਵਾਪਸ ਆਇਆ ਅਤੇ ਲਾਸ਼ ਨਾਲ ਵੀ ਬਲਾਤਕਾਰ ਕੀਤਾ।
ਜ਼ਮਾਨਤ 'ਤੇ ਜੇਲ੍ਹ ਤੋਂ ਆਇਆ ਸੀ ਬਾਹਰ
ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕਰਨ ਵਿੱਚ ਰੇਲਵੇ ਟਰੈਕ ਅਤੇ ਪਾਰਕਿੰਗ ਏਰੀਆ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਹਿਮ ਸਾਬਤ ਹੋਈ ਹੈ। ਜਦੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਵੀ ਚੋਰੀ ਦੇ ਇੱਕ ਕੇਸ ਵਿੱਚ ਫੜਿਆ ਗਿਆ ਸੀ ਅਤੇ ਸੂਰਤ ਦੀ ਲਾਜਪੋਰ ਜੇਲ੍ਹ 'ਚ ਰੱਖਿਆ ਗਿਆ ਸੀ। ਦੱਸ ਦਈਏ ਕਿ ਦੋਸ਼ੀ ਮਈ 'ਚ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ।