ਰਾਜ ਸਭਾ ''ਚ ਕਿਸਾਨਾਂ ਦੇ ਮੁੱਦੇ ''ਤੇ ਖੇਤੀਬਾੜੀ ਮੰਤਰੀ ਬੋਲੇ- ''ਮੈਨੂੰ ਨਾ ਛੇੜੋ, ਜੇਕਰ ਛੇੜਿਆ ਤਾਂ ਛੱਡਾਂਗਾ ਨਹੀਂ''
Monday, Aug 05, 2024 - 04:13 PM (IST)
ਨਵੀਂ ਦਿੱਲੀ- ਕਾਂਗਰਸ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੇ ਹੋਏ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਵੋਟ ਬੈਂਕ ਮੰਨਣਾ ਬੰਦ ਕਰੇ ਅਤੇ ਉਨ੍ਹਾਂ ਨਾਲ ਇਨਸਾਨ ਵਾਂਗ ਵਤੀਰਾ ਕਰਨ। ਰਾਜ ਸਭਾ ਵਿਚ ਖੇਤੀ ਮੰਤਰਾਲਾ ਦੇ ਕੰਮਕਾਜ 'ਤੇ ਚਰਚਾ 'ਤੇ ਅਧੂਰੇ ਰਹਿ ਗਏ ਆਪਣੇ ਜਵਾਬ ਨੂੰ ਅੱਗੇ ਵਧਾਉਂਦੇ ਹੋਏ ਖੇਤੀਬਾੜੀ ਮੰਤਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤੋਂ ਨਾ ਸਿਰਫ ਛੋਟੇ ਕਿਸਾਨ ਮਜ਼ਬੂਤ ਹੋਣ ਸਗੋਂ ਉਨ੍ਹਾਂ ਦਾ ਸਨਮਾਨ ਵੀ ਵਧਿਆ ਹੈ।
ਖੇਤੀਬਾੜੀ ਮੰਤਰੀ ਚੌਹਾਨ ਜਦੋਂ ਜਵਾਬ ਦੇ ਰਹੇ ਸਨ ਤਾਂ ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਨੇ ਉਨ੍ਹਾਂ ਨੂੰ ਕਈ ਵਾਰ ਟੋਕਿਆ ਅਤੇ ਭਾਜਪਾ ਸਰਕਾਰ ਉੱਪਰ ਗੋਲੀਆਂ ਚਲਾਉਣ ਦਾ ਦੋਸ਼ ਲਾਇਆ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਨਾ ਛੇੜੋ, ਜੇਕਰ ਛੇੜਿਆ ਤਾਂ ਛੱਡਾਂਗਾ ਨਹੀਂ। ਉਨ੍ਹਾਂ ਨੇ ਮੱਧ ਪ੍ਰਦੇਸ਼ ਵਿਚ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦੇ ਸ਼ਾਸਨਕਾਲ ਸਮੇਤ ਕਾਂਗਰਸ ਦੀਆਂ ਵੱਖ-ਵੱਖ ਸਰਕਾਰਾਂ ਦੇ ਸ਼ਾਸਨਕਾਲ ਵਿਚ ਕਿਸਾਨਾਂ 'ਤੇ ਗੋਲੀਆਂ ਚਲਾਏ ਜਾਣ ਦੀਆਂ ਵੱਖ-ਵੱਖ ਘਟਨਾਵਾਂ ਦਾ ਹਵਾਲਾ ਦਿੱਤਾ।
ਕਾਂਗਰਸ ਮੈਂਬਰਾਂ ਨੇ ਖੇਤੀਬਾੜੀ ਮੰਤਰੀ ਦੇ ਜਵਾਬ 'ਤੇ ਵਿਰੋਧ ਜਤਾਉਂਦੇ ਹੋਏ ਸਦਨ ਤੋਂ ਬਾਈਕਾਟ ਕਰ ਦਿੱਤਾ। ਸਦਨ ਤੋਂ ਬਾਹਰ ਜਾ ਰਹੇ ਕਾਂਗਰਸ ਮੈਂਬਰਾਂ ਨੂੰ ਬਾਹਰ ਇਸ਼ਾਰਾ ਕਰਦਿਆਂ ਚੌਹਾਨ ਨੇ ਕਿਹਾ ਕਿ ਇਹ ਵੀ ਸੁਣ ਕੇ ਜਾਓ ਕਿ 23 ਅਗਸਤ 1995 ਨੂੰ ਹਰਿਆਣਾ ਵਿਚ ਚਲਾਈਆਂ ਗਈਆਂ ਗੋਲੀਆਂ ਤੋਂ 6 ਕਿਸਾਨ ਮਾਰੇ ਗਏ ਸਨ। ਇਸ ਦਰਮਿਆਨ ਚੇਅਰਮੈਨ ਜਗਦੀਪ ਧਨਖੜ ਨੇ ਖੇਤੀ ਮੰਤਰੀ ਨੂੰ ਰੋਕਦਿਆਂ ਕਿਹਾ ਕਿ ਇਹ ਬਹੁਤ ਹੀ ਦਰਦਨਾਕ ਅਤੇ ਬਦਕਿਸਮਤੀਪੂਰਨ ਹੈ। ਜਦੋਂ ਸਦਨ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਵਰਗ ਕਿਸਾਨਾਂ ਬਾਰੇ ਚਰਚਾ ਹੋ ਰਹੀ ਹੋਵੇ ਤਾਂ ਸਦਨ ਵਿਚ ਹਰ ਮੈਂਬਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਚਰਚਾ ਵਿਚ ਗੰਭੀਰਤਾ ਨਾਲ ਹਿੱਸਾ ਲੈਣ।
ਖੇਤੀਬਾੜੀ ਮੰਤਰੀ ਨੇ ਸਵੀਕਾਰ ਕੀਤਾ ਕਿ ਖੇਤੀ ਖੇਤਰ ਵਿਚ ਕੁਝ ਸਮੱਸਿਆਵਾਂ ਹਨ ਅਤੇ ਉਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਮੋਦੀ ਸਰਕਾਰ ਦਾ ਮੰਨਣਾ ਹੈ ਕਿ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ। ਚੌਹਾਨ ਨੇ ਕਿਹਾ ਕਿ ਜੋ ਦਿਲ ਵਿਚ ਹੁੰਦਾ ਹੈ, ਉਹ ਜ਼ੁਬਾਨ 'ਤੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਦੇ ਦਿਲ ਵਿਚ ਕਿਸਾਨ ਨਹੀਂ ਸੀ, ਇਸ ਲਈ ਉਨ੍ਹਾਂ ਦੀ ਜ਼ੁਬਾਨ 'ਤੇ ਨਹੀਂ ਆਇਆ ਅਤੇ ਮੋਦੀ ਜੀ ਦੇ ਦਿਲ ਵਿਚ ਕਿਸਾਨ ਹਨ ਇਸ ਲਈ ਉਨ੍ਹਾਂ ਦੀ ਜ਼ੁਬਾਨ 'ਤੇ ਉਹ ਵਾਰ-ਵਾਰ ਆਉਂਦਾ ਹੈ।
ਸ਼ਿਵਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਦੀ ਪਛਾਣ ਲਈ ਆਧਾਰ ਵਰਗੀ ਡਿਜੀਟਲ ਆਈਡੀ ਬਣਾ ਰਹੀ ਹੈ, ਜਿਸ ਨੂੰ ਕਿਸਾਨ ਦੇ ਜ਼ਮੀਨੀ ਰਿਕਾਰਡ ਨਾਲ ਜੋੜਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਹੁਣ ਕਿਸਾਨ ਵੱਲੋਂ ਬੀਜੀ ਗਈ ਫਸਲ ਦੇ ਰਿਕਾਰਡ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਰਿਕਾਰਡ ਡਿਜੀਟਲ ਹੋਵੇਗਾ ਅਤੇ ਫਸਲ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਡਿਜੀਟਲ ਐਗਰੀਕਲਚਰ ਮਿਸ਼ਨ ਸ਼ੁਰੂ ਕਰ ਰਹੇ ਹਾਂ। ਅਸੀਂ ਖੇਤੀ ਪ੍ਰਤੀ ਸੰਪੂਰਨ ਪਹੁੰਚ ਅਪਣਾ ਰਹੇ ਹਾਂ।