ਸ਼ਿਵਰਾਜ ਦਿੱਲੀ ਤੋਂ ਵਾਪਸ ਪਰਤੇ, ਮੰਤਰੀ ਮੰਡਲ ਵਿਸਥਾਰ ਫਿਲਹਾਲ ਟਲਿਆ
Tuesday, Jun 30, 2020 - 08:24 PM (IST)
ਭੋਪਾਲ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਵਿਸ਼ਣੁਦੱਤ ਸ਼ਰਮਾ ਮੰਗਲਵਾਰ ਸਵੇਰੇ ਦਿੱਲੀ ਤੋਂ ਵਾਪਸ ਪਰਤ ਆਏ। ਚੌਹਾਨ ਦੇ ਨਾਲ ਸਵੇਰੇ ਵਿਸ਼ੇਸ਼ ਜਹਾਜ਼ ਤੋਂ ਪ੍ਰਦੇਸ਼ ਸੰਗਠਨ ਦੇ ਜਨਰਲ ਸਕੱਤਰ ਸੁਹਾਸ ਭਗਤ ਵੀ ਪਰਤੇ ਹਨ।
ਚੌਹਾਨ ਐਤਵਾਰ ਦੁਪਹਿਰ ਨੂੰ ਦਿੱਲੀ ਰਵਾਨਾ ਹੋਏ ਸਨ ਅਤੇ ਕੱਲ ਰਾਤ ਉਨ੍ਹਾਂ ਨੂੰ ਪਰਤਣਾ ਸੀ ਪਰ ਉਹ ਅੱਜ ਸਵੇਰੇ ਪਰਤੇ। ਚੌਹਾਨ ਦੀ 2 ਦਿਨਾਂ ਤੱਕ ਭਾਜਪਾ ਦੇ ਕੇਂਦਰੀ ਨੇਤਾਵਾਂ ਨਾਲ ਚਰਚਾ ਹੋਈ ਪਰ ਮੰਤਰੀ ਮੰਡਲ ਵਿਸਥਾਰ ਨੂੰ ਲੈ ਕੇ ਅੰਤਮ ਫੈਸਲਾ ਫਿਲਹਾਲ ਨਹੀਂ ਹੋ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ਵਿਸਥਾਰ ਫਿਲਹਾਲ ਇੱਕ-ਦੋ ਦਿਨਾਂ ਲਈ ਟਲ ਗਿਆ ਹੈ। ਇਸ 'ਚ ਕੱਲ ਦੁਪਹਿਰ ਅਚਾਨਕ ਦਿੱਲੀ ਪੁੱਜੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਵੀ ਫਿਲਹਾਲ ਦਿੱਲੀ 'ਚ ਰੁਕੇ ਹੋਏ ਹਨ। ਪਾਰਟੀ ਸੂਤਰਾਂ ਮੁਤਾਬਕ ਮੰਤਰੀ ਮੰਡਲ ਵਿਸਥਾਰ ਨਾਲ ਜੁਡ਼ੀਆਂ ਕੁੱਝ ਗੱਲਾਂ 'ਤੇ ਅਜੇ ਵੀ ਚਰਚਾ ਚੱਲ ਰਹੀ ਹੈ।
ਸੀਨੀਅਰ ਨੇਤਾ ਜਯੋਤੀਰਾਦਿੱਤਿਆ ਸਿੰਧੀਆ ਦਾ ਵੀ ਅੱਜ ਭੋਪਾਲ ਦੌਰਾ ਮੁਲਤਵੀ ਹੋ ਗਿਆ ਹੈ। ਰਾਜਨੀਤਕ ਅਬਜ਼ਰਵਰਾਂ ਮੁਤਾਬਕ, ਦਰਅਸਲ ਸਿੰਧਿਆ ਨਾਲ ਜੁਡ਼ੇ ਨੇਤਾਵਾਂ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਣਾ ਹੈ। ਇਸ ਤੋਂ ਇਲਾਵਾ ਭਾਜਪਾ 'ਚ ਪਹਿਲਾਂ ਤੋਂ ਹੀ ਮੌਜੂਦ ਅਨੁਭਵੀ ਅਤੇ ਸੀਨੀਅਰ ਵਿਧਾਇਕਾਂ ਦੀ ਵੀ ਕਮੀ ਨਹੀਂ ਹੈ। ਇਸ ਸਮੇਂ ਪ੍ਰਦੇਸ਼ ਭਾਜਪਾ 'ਚ ਵੀ ਸੱਤਾ ਦੇ ਕਈ ਕੇਂਦਰ ਹਨ। ਇਨ੍ਹਾਂ ਸਾਰੀਆਂ ਸਥਿਤੀਆਂ 'ਚ ਇਕਸੁਰਤਾ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।