ਸ਼ਿਵਪਾਲ ਯਾਦਵ ਨੇ ਬਣਾਇਆ ''ਸਮਾਜਵਾਦੀ ਸੈਕੂਲਰ ਮੋਰਚਾ''
Thursday, Aug 30, 2018 - 12:53 AM (IST)

ਲਖਨਊ—ਸਮਾਜਵਾਦੀ ਪਾਰਟੀ ਦੇ ਆਗੂ ਸ਼ਿਵਪਾਲ ਸਿੰਘ ਯਾਦਵ ਨੇ ਅੱਜ 'ਸਮਾਜਵਾਦੀ ਸੈਕੂਲਰ ਮੋਰਚਾ' ਦੇ ਗਠਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਇਸ ਮੋਰਚੇ ਤਹਿਤ ਛੋਟੀਆਂ ਪਾਰਟੀਆਂ ਨੂੰ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਨਗੇ। ਸਪਾ ਮੁਖੀ ਅਖਿਲੇਸ਼ ਯਾਦਵ ਦੇ ਚਾਚੇ ਸ਼ਿਵਪਾਲ ਨੇ ਇਥੇ ਆਪਣੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਸਮਾਜਵਾਦੀ ਸੈਕੂਲਰ ਮੋਰਚੇ ਦਾ ਗਠਨ ਕੀਤਾ ਹੈ। ਸਮਾਜਵਾਦੀ ਪਾਰਟੀ 'ਚ ਮੇਰੀ ਅਣਦੇਖੀ ਹੋ ਰਹੀ ਸੀ, ਫਿਰ ਵੀ ਮੈਂ 2 ਸਾਲ ਉਡੀਕ ਕੀਤੀ। ਪਾਰਟੀ ਦੇ ਪ੍ਰੋਗਰਾਮਾਂ ਬਾਰੇ ਨਾ ਤਾਂ ਮੈਨੂੰ ਸੂਚਨਾ ਦਿੱਤੀ ਜਾ ਰਹੀ ਸੀ ਤੇ ਨਾ ਹੀ ਕੋਈ ਸੱਦਾ ਪੱਤਰ। ਮੈਨੂੰ ਕੋਈ ਜ਼ਿੰਮੇਵਾਰੀ ਵੀ ਨਹੀਂ ਦਿੱਤੀ ਗਈ।'' ਉਨ੍ਹਾਂ ਕਿਹਾ ਕਿ ਸਪਾ ਵਿਚ ਕਈ ਅਜਿਹੇ ਵਰਕਰ ਹਨ ਜਿਨ੍ਹਾਂ ਦੀ ਅਣਦੇਖੀ ਕੀਤੀ ਗਈ ਹੈ, ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ ਤੇ ਅਸੀਂ ਉਨ੍ਹਾਂ ਨੂੰ ਆਪਣੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਹਾਂਗੇ। ਇਹ ਪੁੱਛਣ 'ਤੇ ਕਿ ਕੀ ਮੋਰਚਾ 2019 ਦੀਆਂ ਲੋਕ ਸਭਾ ਚੋਣਾਂ ਲੜੇਗਾ, ਸ਼ਿਵਪਾਲ ਨੇ ਕੋਈ ਜਵਾਬ ਨਹੀਂ ਦਿੱਤਾ।