ਵਿਸ਼ਵਾਸ ਦੇ ਦਰਦ ''ਤੇ ਸ਼ਿਵਪਾਲ ਬੋਲੇ- ਤੁਸੀਂ ਤੇ ਮੈਂ ਆਪਣੀ-ਆਪਣੀ ਪਾਰਟੀ ਦੇ ਅਡਵਾਨੀ
Thursday, Jan 25, 2018 - 11:21 AM (IST)

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਰਾਜ ਸਭਾ ਵਿਚ ਨਾ ਜਾਣ ਦਾ ਗਮ ਅਜੇ ਤੱਕ ਭੁਲਾ ਨਹੀਂ ਸਕੇ। ਹਰ ਮੌਕੇ ਵਿਸ਼ਵਾਸ ਦਾ ਇਹ ਦਰਦ ਸਾਹਮਣੇ ਆ ਜਾਂਦਾ ਹੈ। ਸਮਾਜਵਾਦੀ ਪਾਰਟੀ ਦੇ ਨੇਤਾ ਸ਼ਿਵਪਾਲ ਸਿੰਘ ਯਾਦਵ ਦੇ ਜਨਮ ਦਿਨ 'ਤੇ ਲਖਨਊ ਵਿਚ ਸੋਮਵਾਰ ਨੂੰ ਆਯੋਜਿਤ ਕਵੀ ਸੰਮੇਲਨ ਵਿਚ ਵਿਸ਼ਵਾਸ ਨੇ ਆਪਣੇ ਅੰਦਾਜ਼ ਵਿਚ ਸ਼ਿਵਪਾਲ ਯਾਦਵ ਪ੍ਰਤੀ ਦੁੱਖ ਪ੍ਰਗਟ ਕੀਤਾ।
ਕੁਮਾਰ ਵਿਸ਼ਵਾਸ ਆਮ ਆਦਮੀ ਪਾਰਟੀ ਵਿਚ ਅਲੱਗ-ਥਲੱਗ ਕਰ ਦਿੱਤੇ ਗਏ ਹਨ। ਉਥੇ ਹੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਉਨ੍ਹਾਂ ਦੇ ਚਾਚਾ ਸ਼ਿਵਪਾਲ ਯਾਦਵ ਦਰਮਿਆਨ ਅੰਦਰੂਨੀ ਕਲੇਸ਼ ਵੀ ਜਗ-ਜ਼ਾਹਿਰ ਹੈ। ਕਵੀ ਸੰਮੇਲਨ ਵਿਚ ਸ਼ਿਵਪਾਲ ਨਾਲ ਮੰਚ 'ਤੇ ਮੌਜੂਦ ਵਿਸ਼²ਵਾਸ ਨੇ ਆਪਣੀ ਤੁਲਨਾ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਕੀਤੀ।
ਸੰਮੇਲਨ ਵਿਚ ਵਿਸ਼ਵਾਸ ਨੇ ਕਵਿਤਾ ਪੜ੍ਹਦੇ ਕਿਹਾ ਕਿ ਮੈਂ ਤੇ ਸ਼ਿਵਪਾਲ ਆਪਣੀ-ਆਪਣੀ ਪਾਰਟੀ ਦੇ ਅਡਵਾਨੀ ਹੋ ਗਏ ਹਾਂ। ਅਸੀਂ ਦੋਵੇਂ ਬਸ ਦੂਜਿਆਂ ਨੂੰ ਮੁੱਖ ਮੰਤਰੀ ਬਣਾਉਣ ਦੇ ਕੰਮ ਆਉਂਦੇ ਹਾਂ।
ਮੁੱਖ ਮੰਤਰੀ ਕੇਜਰੀਵਾਲ 'ਤੇ ਨਿਸ਼ਾਨਾ ਲਗਾਉਂਦੇ ਹੋਏ ਵਿਸ਼ਵਾਸ ਨੇ ਕਿਹਾ, ''ਮੇਰੇ ਲਫਜ਼ੋਂ ਪੇ ਮਰਤੇ ਥੇ ਵੋ ਅਬ ਕਹਤੇ ਹੈਂ, ਮਤ ਬੋਲੋ''। ਉੇਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ-ਪਸੀਨਾ ਇਕ ਕਰ ਕੇ ਪਾਰਟੀ ਨੂੰ ਖੜ੍ਹਾ ਕੀਤਾ, ਲੀਡਰਸ਼ਿਪ ਨੇ ਉਨ੍ਹਾਂ ਨੂੰ ਹੀ ਇਕ ਪਾਸੇ ਕਰ ਦਿੱਤਾ। ਦਰਅਸਲ ਵਿਸ਼ਵਾਸ ਦਾ ਇਸ਼ਾਰਾ ਪ੍ਰਧਾਨ ਮੰਤਰੀ ਮੋਦੀ ਵੱਲ ਵੀ ਸੀ। ਜ਼ਿਕਰਯੋਗ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਨੂੰ ਪਾਰਟੀ ਤੋਂ ਲਗਭਗ ਕਿਨਾਰੇ ਕਰ ਦਿੱਤਾ ਗਿਆ।