ਆਗੂਆਂ ਦਾ ਗੁਰਦੁਆਰਾ ਦਾਦੂ ਸਾਹਿਬ ਵਿਖੇ ਹੋਇਆ ਇਕੱਠ ; ਸ਼੍ਰੋਮਣੀ ਅਕਾਲੀ ਦਲ 'ਆਜ਼ਾਦ' ਦਾ ਕੀਤਾ ਐਲਾਨ
Friday, Nov 29, 2024 - 07:18 PM (IST)
ਚੰਡੀਗੜ੍ਹ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਸਤਿਕਾਰਯੋਗ ਸੰਤਸਰੂਪ ਮਾਤਾ ਬਲਵੀਰ ਕੌਰ ਜੀ ਦੀ ਦੂਜੀ ਸਾਲਾਨਾ ਯਾਦ ਨੂੰ ਮਨਾਉਂਦੇ ਹੋਏ ਉਨ੍ਹਾਂ ਦੇ ਮੁੱਖ ਅਸਥਾਨ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ, ਸਿਰਸਾ, ਹਰਿਆਣਾ ਵਿਖੇ ਇੱਕ ਯਾਦਗਾਰੀ ਪੰਥਕ ਇਕੱਠ ਕੀਤਾ ਗਿਆ।
ਇਸ ਇਕੱਠ 'ਚ ਸਮੂਹ ਸੰਗਤਾਂ, ਸੰਤ-ਮਹਾਪੁਰਸ਼ਾਂ ਤੇ ਪੰਥਕ ਆਗੂਆਂ ਦੀ ਹਾਜ਼ਰੀ 'ਚ ਜੈਕਾਰਿਆਂ ਦੀ ਗੂੰਜ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਥਕ ਆਗੂਆਂ ਤੇ ਸੰਤ ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ 'ਤੇ ਲੜਨ ਅਤੇ ਸਿੱਖ ਸੰਗਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦਾ ਐਲਾਨ ਕੀਤਾ ਗਿਆ।
ਇਸ ਪੰਥਕ ਇਕੱਠ 'ਚ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਸਿੱਖ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਦੀ ਜਿੰਮੇਵਾਰੀ ਲਗਾਈ ਗਈ ਕਿ ਉਹ ਸਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਅਰਦਾਸ ਕਰਨ ਉਪਰੰਤ 15 ਦਿਨਾਂ ਵਿੱਚ ਸਿੱਖ ਸੰਗਤਾਂ, ਸੰਤ-ਮਹਾਂਪੁਰਸ਼ਾਂ ਤੇ ਪੰਥਕ ਜਥੇਬੰਦੀਆਂ ਦਾ ਰਾਏ-ਮਸ਼ਵਰਾ ਲੈ ਕੇ ਪ੍ਰਧਾਨ ਦਾ ਐਲਾਨ ਕਰਨ ਤੇ ਉਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।
ਇਸ ਪੰਥਕ ਇਕੱਠ ਵਿੱਚ ਪ੍ਰਸਿੱਧ ਕੀਰਤਨੀਏ ਭਾਈ ਕਾਰਜ ਸਿੰਘ ਦਮਦਮੀ ਟਕਸਾਲ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਤੇ ਗੁਰਦੁਆਰਾ ਦਾਦੂ ਸਾਹਿਬ ਹਰਿਆਣਾ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਨੇ ਰਸਭਿੰਨਾ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਸਿੰਘ ਸਾਹਿਬ ਗਿ. ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵੱਲੋਂ ਨਿਭਾਈ ਗਈ। ਪੰਥਕ ਇਕੱਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਪ੍ਰਸਿੱਧ ਵਿਦਵਾਨ ਡਾ. ਸੁਰਿੰਦਰ ਸਿੰਘ ਗਿੱਲ ਯੂ.ਐੱਸ.ਏ. ਨੇ ਸਤਿਕਾਰਯੋਗ ਮਾਤਾ ਜੀ ਦੇ ਗੁਰਮੁੱਖ ਜੀਵਨ ਪਰਥਾਏ ਵਿਚਾਰ ਸਾਂਝੇ ਕੀਤੇ ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਸ਼ੁਰੂਆਤ 'ਤੇ ਸਭ ਨੂੰ ਵਧਾਈ ਦਿੱਤੀ।
ਇਸ ਸਮੇਂ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਭੇਜੇ ਗਏ ਗੁਰੂ ਨਾਨਕ ਦੇਵ ਸਾਹਿਬ ਯਾਦਗਾਰੀ ਸਿੱਕੇ ਦੀ ਭੇਂਟ ਜਥੇਦਾਰ ਦਾਦੂਵਾਲ ਜੀ ਨੂੰ ਡ. ਸੁਰਿੰਦਰ ਸਿੰਘ ਗਿੱਲ ਯੂ.ਐੱਸ.ਏ. ਵੱਲੋਂ ਕੀਤੀ ਗਈ। ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਤਿਲੋਕੇਵਾਲਾ ਅਤੇ ਸ੍ਰੀ ਚੈਤੰਨਿਆ ਟੈਕਨੋ ਸਕੂਲ ਕਾਲਿਆਂਵਾਲੀ ਮੰਡੀ ਵੱਲੋਂ ਪ੍ਰਿੰਸੀਪਲ ਤੇ ਸਟਾਫ਼ ਨੇ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਤੇ ਸ੍ਰੀ ਸਾਹਿਬ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ।
ਯਾਦਗਾਰੀ ਪੰਥਕ ਇਕੱਠ ਵਿੱਚ ਸਤਿਕਾਰਯੋਗ ਮਹਾਂਪੁਰਸ਼ ਸੰਤ ਰਜਿੰਦਰ ਸਿੰਘ ਇਸਰਾਣਾ ਸਾਹਿਬ, ਸੰਤ ਅਮਰੀਕ ਸਿੰਘ ਕਾਰ ਸੇਵਾ ਹੀਰਾ ਬਾਗ ਪਟਿਆਲਾ, ਸੰਤ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਸੰਤ ਪਵਿੱਤਰ ਸਿੰਘ ਖਨੌਰੀ, ਸੰਤ ਬਰਿੰਦਰ ਸਿੰਘ ਜਗਮਾਲਵਾਲੀ, ਸੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਜਗਤਾਰ ਸਿੰਘ ਕਾਰ ਸੇਵਾ ਸਿਰਸਾ ਜਥੇਦਾਰ ਬਾਬਾ ਨਿੰਦਰ ਸਿੰਘ, ਬਾਬਾ ਬਿੱਕਰ ਸਿੰਘ ਕਾਰ ਸੇਵਾ ਕੇਵਲ,ਬਾਬਾ ਗੁਰਪਾਲ ਸਿੰਘ ਚੋਰਮਾਰ ਆਦਿ ਹਾਜ਼ਰ ਰਹੇ। ਸਟੇਜ ਦਾ ਸੰਚਾਲਨ ਭਾਈ ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ ਨੇ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼, ਕੀਤੀ ਕੋਤਾਹੀ ਤਾਂ ਭੁਗਤਣਾ ਪਵੇਗਾ ਅੰਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e