ਸ਼੍ਰੋਮਣੀ ਅਕਾਲੀ ਦਲ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ

Monday, Sep 21, 2020 - 08:31 PM (IST)

ਸ਼੍ਰੋਮਣੀ ਅਕਾਲੀ ਦਲ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ

ਜਲੰਧਰ/ਨਵੀਂ ਦਿੱਲੀ (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪਾਕਿਸਤਾਨ ਵਿਚ ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਨੂੰ ਅਗਵਾ ਕਰਨ ਖਿਲਾਫ ਇਥੇ ਪਾਕਿਸਤਾਨ ਹਾਈ ਕਮਿਸ਼ਨ ਅੱਗੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਅਗਵਾ ਕੀਤੀ ਬੁਲਬੁਲ ਕੌਰ ਨੂੰ ਤੁਰੰਤ ਵਾਪਸ ਪਰਿਵਾਰ ਹਵਾਲੇ ਕੀਤਾ ਜਾਵੇ। ਅਕਾਲੀ ਨੇਤਾਵਾਂ ਵਲੋਂ ਪਾਕਿਸਤਾਨ ਹਾਈ ਕਮਿਸ਼ਨ ਨੂੰ ਇਕ ਮੈਮੋਰੈਂਡਮ ਵੀ ਸੌਂਪਿਆ ਗਿਆ।

ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਲੜਕੀ ਦੇ ਪਿਤਾ ਗ੍ਰੰਥੀ ਨੇ ਰੋ-ਰੋ ਕੇ ਦੁਨੀਆ ਨੂੰ ਆਪਣੇ ਨਾਲ ਹੱਡਬੀਤੀ ਸੁਣਾਈ। ਉਨ੍ਹਾਂ ਕਿਹਾ ਕਿ ਹੁਣ ਬੁਲਬੁਲ ਦੀ ਵੀ ਵੀਡੀਓ ਪਾਈ ਗਈ ਹੈ ਕਿ ਉਸਨੇ ਧਰਮ ਤਬਦੀਲੀ ਕਰ ਲਈ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਰਾਕਸਸ਼ ਦਾ ਰੂਪ ਧਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ 17 ਸਾਲਾ ਦੀ ਨਾਬਾਲਗ ਨੂੰ ਪਰਿਵਾਰ ਵਿਚੋਂ ਜ਼ਬਰੀ ਚੁੱਕ ਕੇ ਲੈ ਗਏ ਹਨ। 12 ਤੋਂ 13 ਦਿਨ ਤੱਕ ਉਸਦਾ ਕੋਈ ਪਤਾ ਨਹੀਂ ਲੱਗਾ ਤੇ ਫਿਰ ਉਸਦਾ ਫੋਨ ਆਇਆ ਕਿ ਉਸਨੂੰ ਜ਼ਬਰੀ ਮਦੱਰਸੇ ਵਿਚ ਰੱਖਿਆ ਹੋਇਆ ਹੈ ਤੇ ਧਰਮ ਬਦਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦਾ ਜ਼ੁਲਮ ਦਾ ਰਾਜ ਔਰੰਗਜੇਬ ਦਾ ਸੀ, ਉਸੇ ਤਰੀਕੇ ਦਾ ਰਾਜ ਹੁਣ ਪਾਕਿਸਤਾਨ ਵਿਚ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਕੁੜੀਆਂ ਖਾਸ ਤੌਰ ’ਤੇ ਅਗਵਾ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਨਨਕਾਣਾ ਸਾਹਿਬ ਅਤੇ ਹੁਣ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਅਗਵਾ ਕੀਤੀ ਗਈ ਤੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਕਿ ਸਿੱਖ ਬੱਚੀਆਂ ਖੁਦ ਧਰਮ ਬਦਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਸਰਕਾਰ ਨੂੰ ਵੀ ਕਿਹਾ ਤੇ ਅੱਜ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਵੀ ਮਿਲਣ ਜਾ ਰਹੇ ਹਾਂ ਤੇ ਜੇਕਰ ਇਸ ਜ਼ਬਰੀ ਧਰਮ ਪਰਿਵਰਤਨ ਦੀ ਲਹਿਰ ਨੂੰ ਪਾਕਿਸਤਾਨ ਸਰਕਾਰ ਬਦਲ ਨਹੀਂ ਸਕਦੀ ਤਾਂ ਫਿਰ ਉਥੇ ਦੀਆਂ ਸਰਕਾਰਾਂ ਬਦਲ ਦੇਣੀਆਂ ਚਾਹੀਦੀਆਂ ਹਨ।

ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਜਦੋਂ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਤਾਂ ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕਿਹਾ ਸੀ ਕਿ ਜਦੋਂ ਸਾਡੀਆਂ 12-13 ਸਾਲ ਦੀਆਂ ਧੀਆਂ ਸਕੂਲ ਜਾਂਦੀਆਂ ਹਨ ਤਾਂ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਪਤਾ ਨਹੀਂ ਵਾਪਸ ਪਰਤਣਗੀਆਂ ਕਿ ਨਹੀਂ।

ਉਨ੍ਹਾਂ ਦੱਸਿਆ ਕਿ ਅਫਗਾਨਿਸਤਾਨ ਦੀ ਸਰਕਾਰ ਨੇ ਸਾਡੇ ਲਈ ਹਾਅ ਦਾ ਨਾਅਰਾ ਮਾਰਿਆ ਤੇ ਅਫਗਾਨਿਸਤਾਨ ਸਰਕਾਰ ਨੇ ਹਰ ਹੀਲਾ ਵਸੀਲਾ ਕੀਤਾ ਕਿ ਸਿੱਖਾਂ ਨੂੰ ਬਚਾਇਆ ਜਾਵੇ ਜਦਕਿ ਪਾਕਿਸਤਾਨ ਸਿੱਖਾਂ ਨੂੰ ਮਾਰਨ ਤੇ ਭਜਾਉਣ ’ਤੇ ਲੱਗਾ ਹੈ। 95 ਫੀਸਦੀ ਸਿੱਖ ਇਸ ਵੇਲੇ ਪਾਕਿਸਤਾਨ ਛੱਡ ਚੁੱਕੇ ਹਨ। ਸਿਰਫ ਨਾ-ਮਾਤਰ ਸਿੱਖ ਰਹਿ ਗਏ ਹਨ, ਉਨ੍ਹਾਂ ’ਤੇ ਵੀ ਤਸ਼ੱਦਦ ਕੀਤੇ ਜਾ ਰਹੇ ਹਨ। ਅਕਾਲੀ ਨੇਤਾਵਾਂ ਵਲੋਂ ਪਾਕਿ ਹਾਈ ਕਮਿਸ਼ਨ ਨੂੰ ਮੈਮੋਰੈਂਡਮ ਵੀ ਸੌਂਪਿਆ ਗਿਆ ਜਿਸ ਵਿਚ ਦਿਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਵਿਦੇਸ਼ ਮਾਮਲਿਆਂ ਦੇ ਇੰਚਾਰਜ ਪਰਮਜੀਤ ਸਿੰਘ ਚੰਢੋਕ ਅਤੇ ਕਾਨੂੰਨੀ ਸਲਾਹਕਾਰ ਜਗਦੀਪ ਸਿੰਘ ਕਾਹਲੋ ਮੌਜੁਦ ਸਨ।
ਰੋਸ ਮੁਜ਼ਾਹਰੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ, ਇਸਤਰੀ ਵਿੰਗ, ਯੂਥ ਵਿੰਗ ਵਰਕਰਾਂ ਤੌਜ ਇਲਾਵਾ ਦਿੱਲੀ ਕਮੇਟੀ ਦੇ ਮੈਂਬਰ ਸਾਹਿਬ ਵੀ ਮੌਜੁਦ ਰਹੇ।


author

Inder Prajapati

Content Editor

Related News