ਹਿਮਾਚਲ ''ਚ ਫਿਰ ਤਾਜ਼ਾ ਬਰਫਬਾਰੀ, ਮਨਾਲੀ-ਚੰਡੀਗੜ੍ਹ ਹਾਈਵੇਅ ਬੰਦ (ਤਸਵੀਰਾਂ)
Tuesday, Jan 21, 2020 - 12:46 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਤਾਜ਼ਾ ਬਰਫਬਾਰੀ ਹੋਈ ਹੈ। ਸੋਮਵਾਰ ਦੇਰ ਰਾਤ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕੁੱਲੂ, ਮਨਾਲੀ, ਸਿਰਮੌਰ, ਚੰਬਾ ਸਮੇਤ ਕਾਂਗੜਾ 'ਚ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਹੋਈ ਹੈ। ਅੱਜ ਭਾਵ ਮੰਗਲਵਾਰ ਨੂੰ ਵੀ ਰਾਜਧਾਨੀ ਸ਼ਿਮਲਾ 'ਚ ਹਲਕੇ ਬੱਦਲ ਛਾਏ ਹੋਏ ਸੀ। ਦੇਰ ਰਾਤ ਬਰਫਬਾਰੀ ਦੇ ਕਾਰਨ ਉਪਰਲੇ ਸ਼ਿਮਲਾ ਨੂੰ ਜਾਣ ਵਾਲਾ ਨੈਸ਼ਨਲ ਹਾਈਵੇਅ ਕੁਫਰੀ ਦੇ ਨੇਡ਼ਿਓ ਬੰਦ ਹੋ ਗਿਆ।
ਮੌਸਮ ਵਿਭਾਗ ਨੇ 23 ਜਨਵਰੀ ਤੱਕ ਮੌਸਮ ਖਰਾਬ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਇਸ ਦੌਰਾਨ ਬਰਫਬਾਰੀ ਅਤੇ ਬਾਰਿਸ਼ ਦੀ ਸੰਭਾਵਨਾ ਹੈ। ਬਰਫਬਾਰੀ ਦੇ ਚੱਲਦਿਆਂ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ ਮਾਈਨਸ 'ਚ ਪਹੁੰਚ ਗਿਆ ਹੈ।
ਸੂਬੇ 'ਚ ਮੰਗਲਵਾਰ ਨੂੰ ਵੀ ਬਾਰਿਸ਼ ਅਤੇ ਬਰਫਬਾਰੀ ਦਾ ਅੰਦਾਜ਼ਾ ਲਗਾਇਆ ਹੈ। 20 ਜਨਵਰੀ ਤੋਂ 26 ਜਨਵਰੀ ਤੱਕ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। 20,21 ਅਤੇ 22 ਜਨਵਰੀ ਨੂੰ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ 'ਚ 22 ਜਨਵਰੀ ਨੂੰ ਬਾਰਿਸ਼ ਨਹੀਂ ਹੋਵੇਗੀ ਅਤੇ ਮੌਸਮ ਸਾਫ ਰਹੇਗਾ।
ਟੂਰਿਜ਼ਮ ਨਗਰੀ ਮਨਾਲੀ ਇਕ ਵਾਰ ਫਿਰ ਬਰਫ ਦੀ ਚਿੱਟੀ ਚਾਦਰ ਨਾਲ ਢੱਕੀ ਗਈ ਹੈ। ਘਾਟੀ 'ਚ 2 ਦਿਨ ਤੱਕ ਮੌਸਮ ਸਾਫ ਰਹਿਣ ਤੋਂ ਬਾਅਦ ਅੱਜ ਫਿਰ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ।
ਮਨਾਲੀ 'ਚ ਭਾਰੀ ਬਰਫਬਾਰੀ ਨਾਲ ਵਾਹਨਾਂ ਦੇ ਪਹੀਏ ਰੁਕ ਗਏ ਹਨ। ਭਾਰੀ ਬਰਫਬਾਰੀ ਨਾਲ ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ਬੰਦ ਹੋਇਆ ਹੈ। ਮਨਾਲੀ ਸ਼ਹਿਰ 'ਚ ਲਗਭਗ 4 ਇੰਚ ਤਾਜ਼ਾ ਬਰਫਬਾਰੀ ਹੋਈ ਹੈ।
ਦੱਸਣਯੋਗ ਹੈ ਕਿ ਹਿਮਾਚਲ 'ਚ ਵੱਖ-ਵੱਖ ਖੇਤਰਾਂ 'ਚ ਸੋਮਵਾਰ ਸ਼ਾਮ ਤੱਕ 100 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਠੱਪ ਸੀ। ਸ਼ਿਮਲਾ 'ਚ ਸੋਮਵਾਰ ਨੂੰ ਕੁਝ ਦੇਰ ਬਾਅਦ ਧੁੱਪ ਨਿਕਲੀ ਪਰ ਫਿਰ ਦੋਬਾਰਾ ਬੱਦਲ ਛਾ ਗਏ ਸੀ। ਤੇਜ਼ ਹਵਾਵਾਂ ਚੱਲਣ ਨਾਲ ਸ਼ਹਿਰ ਦੇ ਮੌਸਮ 'ਚ ਠੰਡ ਵੱਧ ਗਈ ਹੈ। ਸੋਮਵਾਰ ਨੂੰ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 'ਚ ਸਾਧਾਰਨ ਤੋਂ 3 ਡਿਗਰੀ ਦੀ ਕਮੀ ਦਰਜ ਹੋਈ ਹੈ।