ਅਜ਼ਬ-ਗਜ਼ਬ! ਵਿਆਹ ਦੇ ਬੰਧਨ 'ਚ ਬੱਝੇ ਸ਼ੇਰੂ ਅਤੇ ਸਵੀਟੀ, ਮੁਹੱਲੇ ਵਾਲੇ ਬਣੇ ਬਰਾਤੀ (ਵੀਡੀਓ)
Tuesday, Nov 15, 2022 - 10:06 AM (IST)
ਗੁਰੂਗ੍ਰਾਮ (ਬਿਊਰੋ)- ਹੁਣ ਤੱਕ ਪੂਰੇ ਦੇਸ਼ ’ਚ ਟੀਟੂ ਅਤੇ ਸਵੀਟੀ ਦਾ ਵਿਆਹ ਬਤੌਰ ਫਿਲਮ ਚਰਚਾ ’ਚ ਸੀ ਪਰ ਗੁਰੂਗ੍ਰਾਮ ’ਚ ਸ਼ੇਰੂ ਅਤੇ ਸਵੀਟੀ ਦਾ ਵਿਆਹ ਸਭ ਤੋਂ ਵੱਧ ਚਰਚਾ ’ਚ ਆ ਗਿਆ ਹੈ। ਇਸ ਵਿਆਹ ’ਚ ਸਾਰੀਆਂ ਰਸਮਾਂ ਵੀ ਨਿਭਾਈਆਂ ਗਈਆਂ ਪਰ ਇਹ ਰਸਮਾਂ ਮੁੰਡੇ-ਕੁੜੀ ਦੇ ਵਿਆਹ ਲਈ ਨਹੀਂ, ਸਗੋਂ ਆਵਾਰਾ ਕੁੱਤਿਆਂ ਦੇ ਵਿਆਹ ਲਈ ਹੋਈਆਂ, ਜਿਸ ’ਚ ਪੂਰਾ ਮੁਹੱਲਾ ਹੀ ਨਹੀਂ, ਆਸ-ਪਾਸ ਦੇ ਜ਼ਿਲ੍ਹਿਆਂ ’ਚ ਜਿਸ ਨੂੰ ਵੀ ਸੂਚਨਾ ਮਿਲੀ, ਉਹੀ ਪਹੁੰਚ ਗਿਆ। ਇਸ ਵਿਆਹ ’ਚ ਆਮ ਲੋਕਾਂ ਵਾਂਗ ਵਿਆਹ ਦੀਆਂ ਰਸਮਾਂ ਦੇ ਨਾਲ-ਨਾਲ ਦਾਜ ਵੀ ਦਿੱਤਾ ਗਿਆ। ਦਾਜ ’ਚ ਸਵੀਟੀ ਦੇ ਪਰਿਵਾਰ ਵਾਲਿਆਂ ਨੇ ਬਾਕਾਇਦਾ ਭਾਂਡੇ ਅਤੇ 2100 ਰੁਪਏ ਸ਼ੇਰੂ ਦੇ ਪਰਿਵਾਰ ਵਾਲਿਆਂ ਨੂੰ ਦਿੱਤੇ। ਇਸ ਦੇ ਨਾਲ ਹੀ ਦੋਵਾਂ ਦੀ ‘ਭਾਤ’ ਵੀ ਭਰੀ ਗਈ।
ਦਰਅਸਲ, ਨਿਊ ਪਾਲਮ ਵਿਹਾਰ ਇਲਾਕੇ ’ਚ ਇਕ ਜੋੜੇ ਨੇ 3 ਸਾਲ ਪਹਿਲਾਂ ਇਕ ਫੀਮੇਲ ਸਟ੍ਰੇਅ ਡਾਗ ਨੂੰ ਗੋਦ ਲਿਆ ਸੀ। ਉਸ ਦਾ ਨਾਂ ਸਵੀਟੀ ਰੱਖਿਆ। ਇਸੇ ਤਰ੍ਹਾਂ ਇਕ ਹੋਰ ਜੋੜੇ ਨੇ ਵੀ ਸ਼ੇਰੂ ਨੂੰ ਆਪਣੇ ਘਰ ਪਾਲਿਆ। ਦੋਵਾਂ ਨੇ ਮਿਲ ਕੇ ਬੀਤੇ ਦਿਨੀਂ ਸ਼ੇਰੂ ਅਤੇ ਸਵੀਟੀ ਦਾ ਵਿਆਹ ਤੈਅ ਕੀਤਾ ਅਤੇ ਬਰਾਤ ਦਾ ਦਿਨ 13 ਨਵੰਬਰ ਤੈਅ ਕੀਤਾ ਅਤੇ ਮੁਹੱਲੇ ਵਾਲਿਆਂ ਨੂੰ ਵੀ ਸੱਦਾ ਦਿੱਤਾ। ਇਸ ਦੇ ਲਈ ਬਾਕਾਇਦਾ ਕਾਰਡ ਵੀ ਛਪਵਾਏ ਗਏ ਸਨ। ਤੈਅ ਤਰੀਕ ’ਤੇ ਜਾਂਝੀ ਤੇ ਮਾਂਝੀ ਤਾਂ ਪਹੁੰਚ ਗਏ ਪਰ ਲਾੜਾ ਤੇ ਲਾੜੀ ਦੋਵੇਂ ਫਰਾਰ ਹੋ ਗਏ। ਕੁਝ ਦੇਰ ਭਾਲ ਕਰਨ ਤੋਂ ਬਾਅਦ ਲਾੜੀ ਕਿਸੇ ਹੋਰ ਗਲੀ ’ਚੋਂ ਮਿਲੀ ਪਰ ਲਾੜੇ ਦਾ ਪਤਾ ਨਹੀਂ ਲੱਗ ਸਕਿਆ। 3 ਘੰਟੇ ਬਾਅਦ ਬਰਾਤ ਵਾਪਸੀ ਦੀ ਤਿਆਰੀ ਹੀ ਹੋ ਰਹੀ ਸੀ ਕਿ ਅਚਾਨਕ ਇਕ ਵਿਅਕਤੀ ਨੇ ਰੌਲਾ ਪਾਇਆ ਕਿ ਲਾੜਾ ਮਿਲ ਗਿਆ ਹੈ। ਐਤਵਾਰ ਰਾਤ ਨੂੰ ਦੋਹਾਂ ਦਾ ਵਿਆਹ ਸਾਰੀਆਂ ਰਸਮਾਂ ਨਾਲ ਹੋਇਆ। ਦੋਹਾਂ ਨੂੰ ਵਰ ਮਾਲਾ ਪਹਿਨਾਉਣ ਦੇ ਨਾਲ-ਨਾਲ ਲਾੜੇ ਤੋਂ ਦੁਲਹਨ ਦੀ ਮਾਂਗ ਵੀ ਭਰਵਾਈ ਗਈ। ਹਾਂ, ਕਮੀ ਰਹੀ ਤਾਂ ਬੱਸ ਇੰਨੀ ਕਿ ਦੋਵਾਂ ਦੇ ਫੇਰੇ ਨਹੀਂ ਕਰਵਾਏ ਗਏ।