''ਹਿੰਦੂ ਪਾਕਿਸਤਾਨ'' ਵਾਲੇ ਬਿਆਨ ''ਤੇ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਭੇਜਿਆ ਨੋਟਿਸ

07/15/2018 11:29:15 AM

ਨਵੀਂ ਦਿੱਲੀ—ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਵਲੋਂ 'ਹਿੰਦੂ ਪਾਕਿਸਤਾਨ' ਵਾਲੇ ਬਿਆਨ ਨੂੰ ਲੈ ਕੇ ਸਿਆਸਤ ਭਖ ਗਈ ਹੈ। ਉਨ੍ਹਾਂ ਦੇ ਇਸ ਬਿਆਨ ਨੇ ਉਨ੍ਹਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। 
ਕੋਲਕਾਤਾ ਦੀ ਇਕ ਅਦਾਲਤ ਨੇ ਸ਼ਸ਼ੀ ਥਰੂਰ ਨੂੰ ਸੰਮਨ ਜਾਰੀ ਕਰ ਕੇ 14 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਥਰੂਰ ਨੇ ਕਿਹਾ ਸੀ ਕਿ ਜੇਕਰ ਭਾਜਪਾ 2019 'ਚ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਦੇਸ਼ 'ਹਿੰਦੂ ਪਾਕਿਸਤਾਨ' ਬਣ ਜਾਵੇਗਾ, ਜਿਸ ਦੇ ਮਗਰੋਂ ਵਕੀਲ ਸੁਮੀਰ ਚੌਧਰੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸੰਵਿਧਾਨ ਦਾ ਨਿਰਾਦਰ ਕਰਨ ਦਾ ਦੋਸ਼ ਲਗਾ ਕੇ ਥਰੂਰ ਵਿਰੁੱਧ ਕੇਸ ਦਰਜ ਕਰਾਇਆ ਹੈ। 
11 ਜੁਲਾਈ ਨੂੰ ਥਰੂਰ ਨੇ ਕਿਹਾ ਸੀ ਕਿ ਦੁਬਾਰਾ ਜਿੱਤਣ 'ਤੇ ਭਾਜਪਾ ਇਕ ਨਵਾਂ ਸੰਵਿਧਾਨ ਲਿਖੇਗੀ, ਜੋ ਭਾਰਤ ਨੂੰ ਪਾਕਿਸਤਾਨ ਵਰਗੇ ਰਾਸ਼ਟਰ 'ਚ ਬਦਲਣ ਦਾ ਰਸਤਾ ਸਾਫ ਕਰੇਗਾ, ਜਿਥੇ ਘੱਟ ਗਿਣਤੀਆਂ ਦੇ  ਹੱਕਾਂ ਦਾ ਘਾਣ ਕੀਤਾ ਜਾਵੇਗਾ। ਉਨ੍ਹਾਂ 
ਦਾ ਕੋਈ ਸਨਮਾਨ  ਨਹੀਂ ਹੋਵੇਗਾ। ਸ਼ਸ਼ੀ ਥਰੂਰ ਇਥੇ ਹੀ ਸ਼ਾਂਤ ਨਾ ਹੋਏ, ਭਾਜਪਾ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੁਬਾਰਾ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦਾ ਲੋਕਤੰਤਰੀ ਸੰਵਿਧਾਨ ਖਤਮ ਹੋ ਜਾਵੇਗਾ ਕਿਉਂਕਿ ਉਨ੍ਹਾਂ ਕੋਲ ਭਾਰਤੀ ਸੰਵਿਧਾਨ ਨੂੰ ਖਤਮ ਕਰਨ ਅਤੇ ਇਕ ਨਵਾਂ ਸੰਵਿਧਾਨ ਲਿਖਣ ਦੇ ਸਾਰੇ ਤੱਤ ਮੌਜੂਦ ਹਨ। ਨਵਾਂ ਸੰਵਿਧਾਨ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਦੇ ਸਿਧਾਂਤਾਂ 'ਤੇ ਆਧਾਰਤ ਹੋਵੇਗਾ। ਜੋ ਘੱਟ ਗਿਣਤੀਆਂ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ ਅਤੇ ਰਾਸ਼ਟਰ ਨੂੰ 'ਹਿੰਦੂ ਪਾਕਿਸਤਾਨ' ਬਣਾ ਦੇਵੇਗਾ। 


Related News