ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਧੀ ਨੇ ਕੀਤਾ ਭਾਵੁਕ ਟਵੀਟ

Wednesday, Aug 12, 2020 - 03:25 PM (IST)

ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਧੀ ਨੇ ਕੀਤਾ ਭਾਵੁਕ ਟਵੀਟ

ਨਵੀਂ ਦਿੱਲੀ (ਭਾਸ਼ਾ)— ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼੍ਰਮਿਸ਼ਠਾ ਮੁਖਰਜੀ ਨੇ ਆਪਣੇ ਪਿਤਾ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਪਰਮਾਤਮਾ ਉਨ੍ਹਾਂ ਲਈ ਸਭ ਕੁਝ ਚੰਗਾ ਕਰੇਗਾ। ਦਿਮਾਗ ਦੇ ਆਪਰੇਸ਼ਨ ਮਗਰੋਂ ਮੁਖਰਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਣਬ ਮੁਖਰਜੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸ਼੍ਰਮਿਸ਼ਠਾ ਨੇ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਭਾਰਤ ਰਤਨ' ਮਿਲਣ ਦੇ ਸਿਰਫ ਇਕ ਸਾਲ ਬਾਅਦ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਨਾਲ ਬੀਮਾਰ ਹੋ ਗਏ। 

PunjabKesari

ਉਨ੍ਹਾਂ ਨੇ ਟਵੀਟ ਕੀਤਾ ਕਿ ਪਿਛਲੇ ਸਾਲ 8 ਅਗਸਤ ਦਾ ਦਿਨ ਮੇਰੇ ਲਈ ਸਭ ਤੋਂ ਖੁਸ਼ੀ ਦੇ ਦਿਨਾਂ ਵਿਚੋਂ ਇਕ ਸੀ, ਕਿਉਂਕਿ ਮੇਰੇ ਪਿਤਾ ਨੂੰ 'ਭਾਰਤ ਰਤਨ' ਮਿਲਿਆ ਸੀ। ਠੀਕ ਇਕ ਸਾਲ ਬਾਅਦ 10 ਅਗਸਤ ਨੂੰ ਉਹ ਗੰਭੀਰ ਰੂਪ ਨਾਲ ਬੀਮਾਰ ਹੋ ਗਏ। ਸ਼੍ਰਮਿਸ਼ਠਾ ਨੇ ਕਿਹਾ ਕਿ ਪਰਮਾਤਮਾ ਉਨ੍ਹਾਂ ਲਈ ਸਭ ਕੁਝ ਚੰਗਾ ਕਰੇ ਅਤੇ ਮੈਨੂੰ ਜ਼ਿੰਦਗੀਆਂ ਦੀਆਂ ਖੁਸ਼ੀਆਂ ਅਤੇ ਦੁੱਖਾਂ ਨੂੰ ਬਰਾਬਰ ਰੂਪ ਨਾਲ ਸਵੀਕਾਰ ਕਰਨ ਦੀ ਤਾਕਤ ਬਖ਼ਸ਼ੇ। ਮੈਂ ਮੇਰੇ ਪਿਤਾ ਲਈ ਚਿੰਤਾ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹਾਂ।

ਜ਼ਿਕਰਯੋਗ ਹੈ ਕਿ ਫ਼ੌਜ ਦੇ ਰਿਸਰਚ ਐਂਡ ਰੇਫਰਲ ਹਸਪਤਾਲ ਨੇ ਮੰਗਲਵਾਰ ਨੂੰ ਦੱਸਿਆ ਕਿ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। 84 ਸਾਲਾ ਪ੍ਰਣਬ ਮੁਖਰਜੀ ਨੂੰ ਸੋਮਵਾਰ ਦੁਪਹਿਰ ਦੇ ਸਮੇਂ ਫ਼ੌਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸਰਜਰੀ ਤੋਂ ਪਹਿਲਾਂ ਉਨ੍ਹਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਖੂਨ ਦਾ ਥੱਕਾ ਬਣਨ ਕਾਰਨ ਸਾਬਕਾ ਰਾਸ਼ਟਰਪਤੀ ਦੇ ਦਿਮਾਗ ਦੀ ਸਰਜਰੀ ਕੀਤੀ ਗਈ ਸੀ। ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆਇਆ ਹੈ ਅਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਪ੍ਰਣਬ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ।


author

Tanu

Content Editor

Related News