ਸ਼ਰਦ ਪਵਾਰ ਰਕਾਂਪਾ ਦੇ ਪ੍ਰਧਾਨ ਅਹੁਦੇ ਤੋਂ ਬੇਦਖਲ, ਅਜੀਤ ਨੇ ਸੰਭਾਲਿਆ ਚਾਰਜ

Thursday, Jul 06, 2023 - 11:24 AM (IST)

ਮੁੰਬਈ, (ਏਜੰਸੀਆਂ)- ਮਹਾਰਾਸ਼ਟਰ ਦੀ ਸਿਆਸਤ ਵਿੱਚ ਭੀਸ਼ਮ ਪਿਤਾਮਾ ਦਾ ਦਰਜਾ ਰੱਖਣ ਵਾਲੇ ਸ਼ਰਦ ਪਵਾਰ ਸ਼ਾਇਦ ਆਪਣੀ ਸਿਆਸੀ ਪਾਰੀ ਦੇ ਸਭ ਤੋਂ ਔਖੇ ਦੌਰ ’ਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਐੱਨ. ਸੀ. ਪੀ. ਦੇ ਪ੍ਰਧਾਨ ਦੇ ਅਹੁਦੇ ਤੋਂ ਵੀ ਬੇਦਖਲ ਕਰ ਦਿੱਤਾ ਗਿਆ ਹੈ ਤੇ ਭਤੀਜੇ ਅਜੀਤ ਨੇ ਪ੍ਰਧਾਨਗੀ ਸੰਭਾਲ ਲਈ ਹੈ। ਇਸ ਸਬੰਧੀ ਚੋਣ ਕਨਿਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਬੁੱਧਵਾਰ ਦੇ ਸ਼ਕਤੀ ਪ੍ਰਦਰਸ਼ਨ ਵਿੱਚ ਅਜੀਤ ਪਵਾਰ ਨਾਲ 53 ਵਿੱਚੋਂ 35 ਵਿਧਾਇਕ ਨਜ਼ਰ ਆਏ।

ਦੂਜੇ ਪਾਸੇ ਸ਼ਰਦ ਪਵਾਰ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਕੁੱਲ 13 ਵਿਧਾਇਕ, 3 ਐੱਮ. ਐੱਲ. ਸੀ. ਅਤੇ 5 ਸੰਸਦ ਮੈਂਬਰ ਮੌਜੂਦ ਸਨ। 13 ਵਿਧਾਇਕਾਂ ਵਿੱਚ ਅਨਿਲ ਦੇਸ਼ਮੁਖ, ਰੋਹਿਤ ਪਵਾਰ, ਰਾਜੇਂਦਰ ਸ਼ਿੰਗਨੇ, ਅਸ਼ੋਕ ਪਵਾਰ, ਕਿਰਨ, ਪ੍ਰਾਜਕਤਾ ਤਾਨਪੁਰੇ, ਬਾਲਾ ਸਾਹਿਬ ਪਾਟਿਲ, ਜਤਿੰਦਰ ਅਵਹਦ, ਚੇਤਨ, ਜਯੰਤ ਪਾਟਿਲ, ਰਾਜੇਸ਼ ਟੋਪੇ, ਸੰਦੀਪ ਅਤੇ ਦੇਵੇਂਦਰ ਭੂਯਾਰ ਸ਼ਾਮਲ ਹਨ। 5 ਸੰਸਦ ਮੈਂਬਰਾਂ ਵਿੱਚ ਸ੍ਰੀਨਿਵਾਸ ਪਾਟਿਲ (ਲੋਕ ਸਭਾ), ਸੁਪ੍ਰਿਆ ਸੁਲੇ (ਲੋਕ ਸਭਾ), ਅਮੋਲ ਕੋਲ੍ਹੇ (ਲੋਕ ਸਭਾ), ਫੌਜੀਆ ਖਾਨ (ਰਾਜ ਸਭਾ) ਤੇ ਵੰਦਨਾ ਚਵਾਨ (ਰਾਜ ਸਭਾ) ਸ਼ਾਮਲ ਹਨ। 3 ਐੱਮ. ਐੱਲ. ਸੀਜ਼ ਵਿੱਚ ਸ਼ਸ਼ੀਕਾਂਤ ਸ਼ਿੰਦੇ, ਬਾਜਾਨੀ ਦੁਰਾਨੀ ਤੇ ਏਕਨਾਥ ਖੜਸੇ ਸ਼ਾਮਲ ਹਨ।

ਅਜੀਤ ਦੀ ਅਗਵਾਈ ਵਾਲੇ ਧੜੇ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਆਪਣਾ ਹੱਕ ਜਤਾਇਆ ਹੈ। ਇੰਨਾ ਹੀ ਨਹੀਂ, ਅਜੀਤ ਪਵਾਰ ਧੜੇ ਨੇ ਚੋਣ ਕਮਿਸ਼ਨ ਨੂੰ ਇਹ ਵੀ ਕਿਹਾ ਹੈ ਕਿ ਉਨ੍ਹਾਂ ਕੋਲ ਦੋ ਤਿਹਾਈ ਤੋਂ ਵੱਧ ਵਿਧਾਇਕ ਹਨ। ਇਸ ਲਈ ਪਾਰਟੀ ਉਨ੍ਹਾਂ ਦੀ ਹੈ।

ਅਜੀਤ ਧੜੇ ਨੇ ਚੋਣ ਕਮਿਸ਼ਨ ਨੂੰ ਇਹ ਵੀ ਦੱਸਿਆ ਹੈ ਕਿ ਸ਼ਰਦ ਪਵਾਰ ਹੁਣ ਪਾਰਟੀ ਦੇ ਕੌਮੀ ਪ੍ਰਧਾਨ ਨਹੀਂ ਰਹੇ ਹਨ। ਉਨ੍ਹਾਂ ਦੀ ਥਾਂ ’ਤੇ ਅਜੀਤ ਪਵਾਰ ਨੂੰ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਹੈ। ਇਸ ਧੜੇ ਨੇ ਦੱਸਿਆ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਦੇ ਕਹਿਣ ’ਤੇ ਕੌਮੀ ਕਾਰਜਕਾਰਨੀ ਦੀ ਮੀਟਿੰਗ 30 ਜੂਨ ਨੂੰ ਸੱਦੀ ਗਈ ਹੈ।

ਇਸ ਦੌਰਾਨ ਅਜੀਤ ਨੇ ਚਾਚਾ ਸ਼ਰਦ ਨੂੰ ਪੁੱਛਿਆ ਹੈ ਕਿ ਸਿਆਸਤਦਾਨ ਦੀ ਸਰਗਰਮ ਉਮਰ 25 ਤੋਂ 75 ਸਾਲ ਹੈ ਪਰ ਤੁਹਾਡੀ ਉਮਰ 82 ਸਾਲ ਹੈ। ਆਖਿਰ ਤੁਸੀਂ ਕਿੱਥੇ ਰੁਕੋਗੇ? ਇਸ ਤਰ੍ਹਾਂ ਉਨ੍ਹਾਂ ਸ਼ਰਦ ਪਵਾਰ ਨੂੰ ਸਿਆਸਤ ਤੋਂ ਸੰਨਿਆਸ ਲੈਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਸਪਸ਼ਟ ਕਿਹਾ ਕਿ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ। ਮੇਰੇ ਕੋਲ ਸੂਬੇ ਦੇ ਲੋਕਾਂ ਲਈ ਬਹੁਤ ਕੁਝ ਹੈ ਅਤੇ ਮੈਂ ਉਸ ਨੂੰ ਦੇਣ ਦੀ ਜ਼ਿੰਮੇਵਾਰੀ ਚਾਹੁੰਦਾ ਹਾਂ।

ਰਕਾਂਪਾ ਦਾ ਨਿਸ਼ਾਨ ਕਿਸੇ ਨੂੰ ਖੋਹਣ ਨਹੀਂ ਦੇਵਾਂਗਾ : ਸ਼ਰਦ ਪਵਾਰ

ਸ਼ਰਦ ਪਵਾਰ ਨੇ ਕਿਹਾ ਕਿ ਜੇ ਕੱਲ ਨੂੰ ਕੋਈ ਖੜ੍ਹਾ ਹੋ ਕੇ ਮੁੱਖ ਪਾਰਟੀ ਹੋਣ ਦਾ ਦਾਅਵਾ ਕਰਦਾ ਹੈ ਤਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ,‘ਜੇ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਚੋਣ ਨਿਸ਼ਾਨ ਲੈ ਲੈਣਗੇ ਤਾਂ ਮੈਂ ਸਪਸ਼ਟ ਕਰ ਦੇਵਾਂ ਕਿ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਹਾਲਾਂਕਿ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਕਈ ਨਿਸ਼ਾਨਾਂ ’ਤੇ ਲੜਾਈ ਲੜੀ ਹੈ ਪਰ ਜਦ ਤੱਕ ਤੁਸੀਂ ਲੋਕਾਂ ਦੇ ਦਿਲਾਂ ’ਚ ਨਹੀਂ ਹੋ, ਨਿਸ਼ਾਨ ਕੋਈ ਮਾਇਨੇ ਨਹੀਂ ਰੱਖਦੇ। ਕੀ ਤੁਸੀਂ ਲੋਕਾਂ ਦੇ ਪੋਸਟਰ ਅਤੇ ਬੈਨਰ ਦੇਖੇ ਹਨ? ਮੇਰੀ ਫੋਟੋ ਸਭ ਤੋਂ ਵੱਡੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਭਰੋਸਾ ਕਰਨ ਲਈ ਹੋਰ ਕੁਝ ਨਹੀਂ ਹੈ।’

ਸ਼ਰਦ ਪਵਾਰ ਨੇ ਕਿਹਾ ਕਿ ਸਿਆਸਤ ’ਚ ਅੱਜ ਗੱਲਬਾਤ ਖਤਮ ਹੋ ਗਈ ਹੈ। ਸਿਆਸਤ ’ਚ ਜੇ ਕੁਝ ਗਲਤ ਹੋ ਰਿਹਾ ਹੈ ਤਾਂ ਨੇਤਾਵਾਂ ਨੂੰ ਉਹ ਗੱਲ ਸੁਣਨੀ ਚਾਹੀਦੀ, ਗੱਲਬਾਤ ਰੱਖਣੀ ਪੈਂਦੀ ਹੈ। ਗੱਲਬਾਤ ਨਾ ਹੋਵੇ ਤਾਂ ਦੇਸ਼ ’ਚ ਬੀਮਾਰੀ ਆਉਂਦੀ ਹੈ। ਕੁਝ ਗਲਤ ਹੋ ਰਿਹਾ ਹੈ ਤਾਂ ਉਸ ਨੂੰ ਸਹੀ ਕਰਨਾ ਪੈਂਦਾ ਹੈ। ਸੰਕਟ ਵੱਡਾ ਹੈ, ਅਸੀਂ ਬਹੁਤ ਅੱਗੇ ਜਾਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਰਕਾਂਪਾ ਨੇ 70 ਹਜ਼ਾਰ ਕਰੋੜ ਦਾ ਘਪਲਾ ਕੀਤਾ। ਇਹ ਦੋਸ਼ ਬੇਬੁਨਿਆਦ ਹੈ। ਇਕ ਪਾਸੇ ਤੁਸੀਂ ਸਾਡੇ ਪਾਰਟੀ ਨੇਤਾਵਾਂ ’ਤੇ ਦੋਸ਼ ਲਗਾਉਂਦੇ ਹੋ, ਫਿਰ ਦੋ ਦਿਨ ਪਹਿਲਾਂ ਤੁਸੀਂ ਸਾਡੀ ਹੀ ਪਾਰਟੀ ਦੇ ਨੇਤਾਵਾਂ ਨੂੰ ਮਹਾਰਾਸ਼ਟਰ ਦੀ ਸਰਕਾਰ ’ਚ ਮੰਤਰੀ ਕਿਉਂ ਬਣਾਇਆ?


Rakesh

Content Editor

Related News