ਸ਼ਰਦ ਪਵਾਰ ਭ੍ਰਿਸ਼ਟਾਚਾਰ ਦੇ ਸਰਗਨਾ, ਊਧਵ ''ਔਰੰਗਜ਼ੇਬ ਫੈਨ ਕਲੱਬ'' ਦੇ ਮੁਖੀ : ਅਮਿਤ ਸ਼ਾਹ

Sunday, Jul 21, 2024 - 06:34 PM (IST)

ਪੁਣੇ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸਪਾ) ਦੇ ਮੁਖੀ ਸ਼ਰਦ ਪਵਾਰ 'ਤੇ ਤਿੱਖਾ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਮਾਸਟਰਮਾਈਂਡ ਕਰਾਰ ਦਿੱਤਾ। ਪੁਣੇ 'ਚ ਭਾਜਪਾ ਦੇ ਸੂਬਾਈ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ 2024 ਦੀਆਂ ਲੋਕ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਹੰਕਾਰ ਦਾ ਪ੍ਰਦਰਸ਼ਨ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਨੇ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਨੂੰ 'ਔਰੰਗਜ਼ੇਬ ਫੈਨ ਕਲੱਬ' ਦਾ ਮੁਖੀ ਕਰਾਰ ਦਿੱਤਾ ਤੇ ਕਿਹਾ ਕਿ ਉਹ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਲਈ ਮੁਆਫੀ ਮੰਗਣ ਵਾਲੇ ਲੋਕਾਂ ਨਾਲ ਬੈਠੇ ਹਨ। ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਮਹਾ ਗਠਜੋੜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ 2014 ਅਤੇ 2019 ਦੀਆਂ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰੇਗਾ।

ਭਾਜਪਾ ਦੇ ਸੀਨੀਅਰ ਆਗੂ ਨੇ ਪੁਣੇ ਵਿਚ ਕਿਹਾ, "ਸ਼ਰਦ ਪਵਾਰ ਨੇ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦਿੱਤਾ।" ਸ਼ਾਹ ਨੇ ਕਿਹਾ, "ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੀ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਦਾ ਹੰਕਾਰ ਚਕਨਾਚੂਰ ਹੋ ਜਾਵੇਗਾ।" ਸ਼ਿਵ ਸੈਨਾ (ਯੂਬੀਟੀ) ਦੇ ਮੁਖੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਾਹ ਨੇ ਕਿਹਾ, "ਊਧਵ ਠਾਕਰੇ ਉਨ੍ਹਾਂ ਨਾਲ ਬੈਠੇ ਹਨ, ਜਿਨ੍ਹਾਂ ਨੇ 1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਲਈ ਮੁਆਫੀ ਮੰਗੀ ਸੀ।"

ਉਨ੍ਹਾਂ ਨੇ ਕਿਹਾ, "ਔਰੰਗਜ਼ੇਬ ਫੈਨ ਕਲੱਬ ਕੀ ਹੈ? (26/11 ਦੇ ਅੱਤਵਾਦੀ ਹਮਲੇ ਦੇ ਦੋਸ਼ੀ) ਕਸਾਬ ਨੂੰ ਬਿਰਯਾਨੀ ਖੁਆਉਂਦੇ ਹਨ, ਯਾਕੂਬ ਮੈਮਨ ਲਈ ਮੁਆਫੀ ਮੰਗਦੇ ਹਨ,ਜੋ ਜ਼ਾਕਿਰ ਨਾਇਕ ਨੂੰ ਸ਼ਾਂਤੀ ਦੂਤ ਪੁਰਸਕਾਰ ਦਿੰਦੇ ਹਨ ਜੋ ਪੀਐੱਫਆਈ ਦਾ ਸਮਰਥਨ ਕਰਦੇਹਨ। ਊਧਵ ਠਾਕਰੇ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਨਾਲ ਬੈਠ ਕੇ।

ਭਾਜਪਾ ਵਰਕਰਾਂ ਦੀ ਤਾਰੀਫ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਮਹਾਰਾਸ਼ਟਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਚਾਹੀਦੀ। ਮਹਾਰਾਸ਼ਟਰ ਵਿਚ, ਭਾਜਪਾ ਨੇ 2019 ਵਿੱਚ 23 ਲੋਕ ਸਭਾ ਸੀਟਾਂ ਜਿੱਤੀਆਂ ਸਨ, ਜੋ 2024 ਦੀਆਂ ਚੋਣਾਂ ਵਿੱਚ ਘੱਟ ਕੇ ਨੌਂ ਰਹਿ ਗਈਆਂ। ਉਨ੍ਹਾਂ ਕਿਹਾ ਕਿ ਸਰਕਾਰ ਦੇ ਚੰਗੇ ਕੰਮਾਂ ਅਤੇ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਲਿਜਾ ਕੇ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ ਜਾ ਸਕਦਾ ਹੈ।

ਸ਼ਾਹ ਨੇ ਕਿਹਾ, ''ਮਹਾਰਾਸ਼ਟਰ 'ਚ ਭਾਜਪਾ ਦੇ ਹਰ ਵਰਕਰ ਨੇ ਪਾਰਟੀ ਦੀ ਜਿੱਤ 'ਚ ਯੋਗਦਾਨ ਦਿੱਤਾ ਹੈ। ਭਾਜਪਾ ਦੀ ਅਗਵਾਈ ਵਾਲਾ ਗਠਜੋੜ 2019 ਅਤੇ 2014 ਦੇ ਮੁਕਾਬਲੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕਰੇਗਾ। ਅਸੀਂ ਹੋਰ ਸਖ਼ਤ ਮਿਹਨਤ ਕਰਾਂਗੇ ਅਤੇ ਆਪਣੇ ਲਈ ਨਵੇਂ ਟੀਚੇ ਤੈਅ ਕਰਾਂਗੇ। ਮਹਾਰਾਸ਼ਟਰ ਵਿੱਚ ਫਿਰ ਭਗਵਾ ਲਹਿਰਾਇਆ ਜਾਣਾ ਚਾਹੀਦਾ ਹੈ।'' ਪੁਣੇ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਇਸਨੂੰ ਬਾਲ ਗੰਗਾਧਰ ਤਿਲਕ ਦਾ ਸ਼ਹਿਰ ਕਿਹਾ।


Baljit Singh

Content Editor

Related News